ਖੰਨਾ (ਵੈੱਬ ਡੈਸਕ) ਪਰਮਵੀਰ: ਲੁਧਿਆਣਾ ਦੇ ਕਸਬਾ ਖੰਨਾ ‘ਚ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਜੁੱਤਾ ਕਾਰੋਬਾਰੀ ਹਨੀ ਸੇਠੀ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਨਸ਼ਾ ਕਰਨ ਦੇ ਦੋਸ਼ ‘ਚ ਹਨੀ ਸੇਠੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ‘ਤੇ ਨਸ਼ਾ ਕਰਨ ਦਾ ਦੋਸ਼ ਸੀ, ਜਦੋਂ ਪੁਲਸ ਨੇ ਉਸ ਦਾ ਡੋਪ ਟੈਸਟ ਕਰਵਾਇਆ ਤਾਂ ਉਹ ਪਾਜ਼ੇਟਿਵ ਨਿਕਲਿਆ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਜਾਣਕਾਰੀ ਮੁਤਾਬਕ ਦੋਰਾਹਾ ‘ਚ ਨਾਕੇ ‘ਤੇ ਪੁਲਸ ਨੇ ਹਨੀ ਸੇਠੀ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ ਸੀ। ਇਸ ਤੋਂ ਬਾਅਦ ਦੋਰਾਹਾ ਦੇ ਸਰਕਾਰੀ ਹਸਪਤਾਲ ‘ਚ ਹਨੀ ਸੇਠੀ ਦਾ ਡੋਪ ਟੈਸਟ ਕਰਵਾਇਆ ਗਿਆ, ਜੋ ਕਿ ਪਾਜ਼ੇਟਿਵ ਪਾਇਆ ਗਿਆ। ਇਸ ‘ਚ ਨਸ਼ੀਲੇ ਪਦਾਰਥਾਂ ਦੇ ਸੇਵਨ ਦੀ ਪੁਸ਼ਟੀ ਹੋਈ ਹੈ। ਦੋਰਾਹਾ ਪੁਲਸ ਥਾਣੇ ਦੇ ਐੱਸ. ਐੱਚ. ਓ. ਆਕਾਸ਼ ਦੱਤ ਨੇ ਦੱਸਿਆ ਕਿ ਮੈਡੀਕਲ ਰਿਪੋਰਟ ‘ਚ ਨਸ਼ਾ ਕਰਨ ਦੀ ਪੁਸ਼ਟੀ ਹੋਣ ਤੋਂ ਬਾਅਦ ਹਨੀ ਸੇਠੀ ਨੂੰ ਕਾਨੂੰਨੀ ਪ੍ਰਕਿਰਿਆਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਜਾਰੀ ਹੈ।

ਦੱਸਣਯੋਗ ਹੈ ਕਿ ਹਨੀ ਸੇਠੀ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਹੈ ਅਤੇ ਅਕਸਰ ਆਪਣੇ ਬਿਆਨਾਂ ਅਤੇ ਗਤੀਵਿਧੀਆਂ ਕਾਰਨ ਵਿਵਾਦਾਂ ‘ਚ ਘਿਰਿਆ ਰਹਿੰਦਾ ਹੈ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਮਾਮਲੇ ਇਲਾਕੇ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੁਲਸ ਦਾ ਕਹਿਣਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਖ਼ਿਲਾਫ਼ ਸਖ਼ਤ ਮੁਹਿੰਮ ਜਾਰੀ ਹੈ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਕੋਈ ਨਰਮੀ ਨਹੀਂ ਦਿਖਾਈ ਜਾਵੇਗੀ।