ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼ ਦਾ ਆਖਰੀ ਮੈਚ 9 ਮਾਰਚ ਤੋਂ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਜਾ ਰਹੀ ਬਾਰਡਰ-ਗਾਵਸਕਰ ਟਰਾਫੀ 2023 ਦਾ ਆਖਰੀ ਮੈਚ 9 ਮਾਰਚ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਮੈਚ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ, ਕਿਉਂਕਿ ਇੱਥੇ ਖੇਡ ਦੇ ਪਹਿਲੇ ਦਿਨ ਦਾ ਆਨੰਦ ਲੈਣ ਲਈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਸਟੇਡੀਅਮ ਪਹੁੰਚਣਗੇ।
ਭਾਰਤੀ ਟੀਮ ਲਈ ਇਸ ਟੈਸਟ ਸੀਰੀਜ਼ ‘ਚ ਹੁਣ ਤੱਕ ਕਪਤਾਨ ਰੋਹਿਤ ਸ਼ਰਮਾ ਤੋਂ ਇਲਾਵਾ ਸਿਰਫ ਅਕਸ਼ਰ ਪਟੇਲ ਹੀ ਬੱਲੇ ਨਾਲ ਯੋਗਦਾਨ ਪਾ ਸਕੇ ਹਨ। ਇਸ ਤੋਂ ਇਲਾਵਾ ਬਾਕੀ ਸਾਰੇ ਖਿਡਾਰੀਆਂ ਨੇ ਆਪਣੇ ਪ੍ਰਦਰਸ਼ਨ ਤੋਂ ਨਿਰਾਸ਼ ਕੀਤਾ ਹੈ। ਇਸ ਦੇ ਨਾਲ ਹੀ ਗੇਂਦਬਾਜ਼ੀ ‘ਚ ਅਸ਼ਵਿਨ ਅਤੇ ਜਡੇਜਾ ਦੀ ਜੋੜੀ ਨੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ, ਉਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਸ ਟੈਸਟ ਸੀਰੀਜ਼ ਦੇ ਹੁਣ ਤੱਕ 3 ਮੈਚ ਖੇਡੇ ਜਾ ਚੁੱਕੇ ਹਨ, ਜਿਸ ‘ਚ ਭਾਰਤੀ ਟੀਮ ਨੇ ਪਹਿਲੇ 2 ਮੈਚ ਸ਼ਾਨਦਾਰ ਤਰੀਕੇ ਨਾਲ ਜਿੱਤੇ ਸਨ, ਜਦਕਿ ਕੰਗਾਰੂ ਟੀਮ ਨੇ ਤੀਜਾ ਮੈਚ 9 ਵਿਕਟਾਂ ਨਾਲ ਜਿੱਤਿਆ ਸੀ। ਹੁਣ ਭਾਰਤੀ ਟੀਮ ਲਈ ਸੀਰੀਜ਼ ਦਾ ਆਖਰੀ ਮੈਚ ਕਈ ਮਾਇਨਿਆਂ ਤੋਂ ਅਹਿਮ ਹੋ ਗਿਆ ਹੈ। ਅਸਲ ‘ਚ ਜੇਕਰ ਟੀਮ ਇੰਡੀਆ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰਨੀ ਹੈ ਤਾਂ ਇਸ ਮੈਚ ਨੂੰ ਜਿੱਤਣਾ ਬਹੁਤ ਜ਼ਰੂਰੀ ਹੈ। ਇੰਦੌਰ ‘ਚ ਖੇਡੇ ਗਏ ਸੀਰੀਜ਼ ਦੇ ਤੀਜੇ ਟੈਸਟ ਮੈਚ ‘ਚ ਆਸਟ੍ਰੇਲੀਆਈ ਆਫ ਸਪਿਨਰ ਨਾਥਨ ਲਿਓਨ ਨੇ ਇਕੱਲੇ ਭਾਰਤੀ ਟੀਮ ਦੀ ਦੂਜੀ ਪਾਰੀ ‘ਚ 8 ਵਿਕਟਾਂ ਲੈ ਕੇ ਟੀਮ ਦੀ ਜਿੱਤ ‘ਚ ਅਹਿਮ ਯੋਗਦਾਨ ਪਾਇਆ। ਇਸ ਮੈਚ ‘ਚ ਜਿੱਤ ਨਾਲ ਆਸਟ੍ਰੇਲੀਆਈ ਟੀਮ ਨੇ 7 ਜੂਨ ਨੂੰ ਇੰਗਲੈਂਡ ‘ਚ ਖੇਡੀ ਜਾਣ ਵਾਲੀ ICC ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਲਈ ਆਪਣੀ ਜਗ੍ਹਾ ਪੂਰੀ ਤਰ੍ਹਾਂ ਪੱਕੀ ਕਰ ਲਈ ਹੈ।
post by parmvir singh