ਕੇਂਦਰ ਸਰਕਾਰ ਨੇ ਪੰਜਾਬ ਨੂੰ ਇੱਕ ਹੋਰ ਝਟਕਾ ਦਿੱਤਾ ਹੈ। ਕੇਂਦਰ ਵੱਲੋਂ ਦਿਹਾਤੀ ਵਿਕਾਸ ਫ਼ੰਡ ਰੋਕਣ ਕਰਕੇ ਪੰਜਾਬ ਮੰਡੀ ਬੋਰਡ ਵਿੱਤੀ ਸੰਕਟ ਵਿੱਚ ਘਿਰ ਗਿਆ ਹੈ। ਸੂਤਰਾਂ ਮੁਤਾਬਕ ਪੰਜਾਬ ਮੰਡੀ ਬੋਰਡ ਚਾਰ ਬੈਂਕਾਂ ਤੋਂ ਲਏ ਕਰਜ਼ੇ ਦੀ ਕਿਸ਼ਤ ਨਹੀਂ ਮੋੜ ਸਕਿਆ। ਦਸੰਬਰ ਮਹੀਨੇ ਦੀ ਕਿਸ਼ਤ ਨਾ ਮੋਰਨ ਕਰਕੇ ਪੰਜਾਬ ਮੰਡੀ ਬੋਰਡ ਹੁਣ ਡਿਫਾਲਟਰ ਹੋ ਗਿਆ ਹੈ।
ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਪੰਜਾਬ ਦੇ ਵਿਕਾਸ ਨੂੰ ਰੋਕਣ ਦੇ ਰਾਹ ਪਈ ਹੋਈ ਹੈ। ਇਸੇ ਕੜੀ ਵਿਚ ਕੇਂਦਰ ਨੇ ਪੰਜਾਬ ਦੇ 3200 ਕਰੋੜ ਰੁਪਏ ਹਾਲੇ ਤੱਕ ਜਾਰੀ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਲਿੰਕ ਸੜਕਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਖ਼ੁਰਾਕ ਮੰਤਰੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ ਤਾਂ ਜੋ ਕੇਂਦਰੀ ਫ਼ੰਡ ਰਿਲੀਜ਼ ਕਰਵਾਏ ਜਾ ਸਕਣ।
ਕੈਪਟਨ ਅਮਰਿੰਦਰ ਸਿੰਘ ਦੀ ਤਤਕਾਲੀ ਸਰਕਾਰ ਨੇ ਪੰਜਾਬ ਮੰਡੀ ਬੋਰਡ ਵੱਲੋਂ ਚੁੱਕੇ ਕਰਜ਼ੇ ਦੀ ਰਾਸ਼ੀ ’ਚੋਂ ਚਾਰ ਹਜ਼ਾਰ ਕਰੋੜ ਰੁਪਏ ਦੇ ਫ਼ੰਡ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਸਕੀਮ ਲਈ ਵਰਤ ਲਏ ਸਨ। ਬਾਕੀ 650 ਕਰੋੜ ਰੁਪਏ ਲਿੰਕ ਸੜਕਾਂ ਦੀ ਵਿਸ਼ੇਸ਼ ਮੁਰੰਮਤ ’ਤੇ ਖ਼ਰਚ ਕੀਤੇ ਗਏ ਸਨ। ਪੰਜਾਬ ਮੰਡੀ ਬੋਰਡ ਵੱਲੋਂ ਚੁੱਕੇ ਕੁੱਲ 4650 ਕਰੋੜ ਰੁਪਏ ਦੀ ਕਰਜ਼ਾ ਰਾਸ਼ੀ ਵਿਆਜ ਸਮੇਤ 5500 ਕਰੋੜ ਰੁਪਏ ਬਣ ਗਈ ਹੈ, ਹੁਣ ਇਸ ਕਰਜ਼ੇ ਦੀਆਂ ਇਸ ਵੇਲੇ ਸਿਰਫ਼ ਤਿੰਨ ਕਿਸ਼ਤਾਂ ਤਾਰਨੀਆਂ ਬਾਕੀ ਹਨ ਜਿਸ ਲਈ 1615 ਕਰੋੜ ਰੁਪਏ ਦੀ ਜ਼ਰੂਰਤ ਹੈ। ਸਾਲ ਵਿੱਚ ਦੋ ਕਿਸ਼ਤਾਂ ਭਰਨੀਆਂ ਹੁੰਦੀਆਂ ਹਨ ਤੇ ਪ੍ਰਤੀ ਕਿਸ਼ਤ 545 ਕਰੋੜ ਰੁਪਏ ਤਾਰਨੇ ਹੁੰਦੇ ਹਨ। ਮੰਡੀ ਬੋਰਡ ਦਸੰਬਰ ਮਹੀਨੇ ਦੀ 545 ਕਰੋੜ ਦੀ ਕਿਸ਼ਤ ਇਨ੍ਹਾਂ ਚਾਰ ਬੈਂਕਾਂ ਨੂੰ ਤਾਰ ਨਹੀਂ ਸਕਿਆ ਜਿਸ ਕਰਕੇ ਬੋਰਡ ਡਿਫਾਲਟਰ ਹੋ ਗਿਆ ਹੈ।
post by parmvir singh