ਅੰਮ੍ਰਿਤਸਰ ਤੋਂ ਮੋਹਾਲੀ ਮੋਰਚੇ ਤੱਕ ਕੱਢਿਆ ਬੰਦੀ ਸਿੰਘ ਰਿਹਾਈ ਮਾਰਚ

ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ, ਜਥਾ ਸਿਰਲੱਥ ਖ਼ਾਲਸਾ ਅਤੇ ਸ਼ਹੀਦ ਧਰਮ ਸਿੰਘ ਟੱਰਸਟ ਵੱਲੋਂ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਤੋਂ ਚੰਡੀਗੜ੍ਹ ਦੀਆਂ ਬਰੂਹਾਂ ‘ਤੇ ਲੱਗੇ ਕੌਮੀ ਇਨਸਾਫ਼ ਮੋਰਚਾ ਮੋਹਾਲੀ ਤੱਕ ਦੂਸਰਾ ਬੰਦੀ ਸਿੰਘ ਰਿਹਾਈ ਮਾਰਚ ਕੱਢਿਆ ਗਿਆ। ਗੋਲਡਨ ਗੇਟ ਤੋਂ ਅਰੰਭਤਾ ਦੌਰਾਨ ਨੌਜਵਾਨਾਂ ਨੇ ਖ਼ਾਲਸਾਈ ਝੰਡੇ ਅਤੇ ਬੰਦੀ ਸਿੰਘਾਂ ਦੀਆਂ ਤਸਵੀਰਾਂ ਵਾਲ਼ੇ ਬੈਨਰ ਹੱਥਾਂ ‘ਚ ਫੜੇ ਹੋਏ ਸਨ ਅਤੇ ਬੰਦੀ ਸਿੰਘ ਰਿਹਾਅ ਕਰੋ, ਜਥੇਦਾਰ ਜਗਤਾਰ ਸਿੰਘ ਹਵਾਰਾ ਰਿਹਾਅ ਕਰੋ, ਰਾਜ ਕਰੇਗਾ ਖ਼ਾਲਸਾ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ਅਤੇ ਐਨ ਐਸ ਏ ਰੱਦ ਕਰੋ ਆਦਿ ਨਾਅਰੇ ਲਗਾਏ। ਪੱਤਰਕਾਰਾਂ ਨਾਲ ਗੱਲ ਕਰਦਿਆਂ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੁਖੀ ਪ੍ਰੋਫੈਸਰ ਬਲਜਿੰਦਰ ਸਿੰਘ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ ਛੇ ਜੂਨ, ਬੀਬੀ ਸੰਦੀਪ ਕੌਰ ਅਤੇ ਜਥਾ ਸਿਰਲੱਥ ਖ਼ਾਲਸਾ ਦੇ ਬੀਬੀ ਮਨਿੰਦਰ ਕੌਰ ਨੇ ਸਾਂਝੇ ਤੌਰ ‘ਤੇ ਕਿਹਾ ਕਿ ਭਾਰਤ ਸਰਕਾਰ ਨੇ ਪਹਿਲੇ ਬੰਦੀ ਸਿੰਘ ਰਿਹਾਅ ਨਹੀਂ ਕੀਤੇ ਤੇ ਨਵੇਂ ਸਿੱਖਾਂ ਨੂੰ ਬੰਦੀ ਬਣਾਇਆ ਜਾ ਰਿਹਾ ਹੈ ਜੋ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦਾ ਸਿੱਖਾਂ ਪ੍ਰਤੀ ਘਟੀਆ ਵਤੀਰਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਰਕਾਰ ਸਾਡੀਆਂ ਜ਼ੁਬਾਨਾਂ ਬੰਦ ਕਰਵਾਉਣਾ ਚਾਹੁੰਦੀ ਹੈ ਜੋ ਲੋਕਤੰਤਰ ਦਾ ਘਾਣ ਹੈ। ਉਹਨਾਂ ਨੌਜਵਾਨਾਂ ਦੇ ਘਰਾਂ ‘ਚ ਪੁਲਿਸ ਛਾਪੇਮਾਰੀਆਂ ਅਤੇ ਨਜ਼ਰਬੰਦੀਆਂ ਦੀ ਘੋਰ ਨਿੰਦਿਆ ਕਰਦਿਆਂ ਕਿਹਾ ਕਿ 7 ਨੌਜਵਾਨਾਂ ‘ਤੇ ਲੱਗੀ ਐਨ ਐਸ ਏ ਨੂੰ ਵੀ ਤੁਰੰਤ ਹਟਾਇਆ ਜਾਵੇ ਤੇ ਸਮੁੱਚੇ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਸਾਡੀ ਮੰਗ ਨਹੀਂ ਬਲਕਿ ਸਾਡਾ ਹੱਕ ਹੈ, ਸੰਵਿਧਾਨਕ ਅਤੇ ਜਾਇਜ਼ ਹੱਕ। ਭਾਰਤੀ ਕਾਨੂੰਨ, ਨਿਆਂਪਾਲਕਾ ਅਤੇ ਹਕੂਮਤਾਂ ਦੇ ਸਿੱਖਾਂ ਲਈ ਦੋਹਰੇ ਮਾਪਦੰਡ ਕਿਉਂ ਹਨ ? ਸਜ਼ਾਵਾਂ ਭੋਗਣ ਦੇ ਬਾਵਜੂਦ ਬੰਦੀ ਸਿੰਘ ਰਿਹਾਅ ਕਿਉਂ ਨਹੀਂ ਕੀਤੇ ਜਾ ਰਹੇ ? ਉਹਨਾਂ ਕਿਹਾ ਕਿ ਸਿੱਖ ਸਿਆਸੀ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਰੋਕਣ ਲਈ ਆਪਣੀ ਇਖਲਾਕੀ, ਨੈਤਿਕ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਕੌਮੀ ਇਨਸਾਫ਼ ਮੋਰਚੇ ਦਾ ਵੱਧ ਤੋਂ ਵੱਧ ਸਾਥ ਦੇ ਕੇ ਇਸ ਨੂੰ ਸਫ਼ਲ ਬਣਾਈਏ। ਉਹਨਾਂ ਕਿਹਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਗੁਰਮੀਤ ਸਿੰਘ ਇੰਜੀਨੀਅਰ, ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖੈੜਾ ਦੀ ਰਿਹਾਈ ਤੱਕ ਸੰਘਰਸ਼ ਜਾਰੀ ਰਹੇਗਾ।

See also  4 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ

post by parmvir singh