punjab gst collection rises sharply despite gst 2.0 challenges in january 2026 HS |

ਵਿੱਤ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨਵਰੀ 2026 ਦੌਰਾਨ ਪੰਜਾਬ ਵਿੱਚ ਕੁੱਲ 2452.66 ਕਰੋੜ ਰੁਪਏ ਦੀ ਜੀਐਸਟੀ ਵਸੂਲੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼ੁੱਧ ਜੀਐਸਟੀ ਵਸੂਲੀ ਦੇ ਮਾਮਲੇ ਵਿੱਚ ਜਨਵਰੀ 2025 ਦੇ ਮੁਕਾਬਲੇ 15.7 ਫੀਸਦ ਦਾ ਸਾਲ-ਦਰ-ਸਾਲ ਵਾਧਾ ਹੋਇਆ ਹੈ, ਜਿਸ ਨਾਲ ਕਰੀਬ 315 ਕਰੋੜ ਰੁਪਏ ਵਧੇਰੇ ਮਾਲੀਆ ਪ੍ਰਾਪਤ ਹੋਇਆ।

ਸ. ਚੀਮਾ ਨੇ ਕਿਹਾ ਕਿ ਇਹ ਪ੍ਰਾਪਤੀ ਇਸ ਲਈ ਵੀ ਖਾਸ ਹੈ ਕਿਉਂਕਿ ਜੀਐਸਟੀ 2.0 ਤਹਿਤ ਦਰਾਂ ਵਿੱਚ ਕਟੌਤੀ ਕਾਰਨ ਪੰਜਾਬ ਨੂੰ ਹਰ ਮਹੀਨੇ ਲਗਭਗ 250 ਕਰੋੜ ਰੁਪਏ ਦੇ ਮਾਲੀਆ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਇਸ ਦਾ ਪ੍ਰਭਾਵ ਧਾਗਾ, ਟੈਕਸਟਾਈਲ, ਹੌਜ਼ਰੀ, ਫਾਰਮਾਸਿਊਟੀਕਲ, ਬੀਮਾ, ਟਾਇਰ ਅਤੇ ਸੀਮਿੰਟ ਵਰਗੇ ਅਹਿਮ ਖੇਤਰਾਂ ‘ਤੇ ਪਿਆ। ਇਸਦੇ ਬਾਵਜੂਦ, ਸੂਬੇ ਨੇ ਨਾ ਸਿਰਫ ਇਸ ਨੁਕਸਾਨ ਦੀ ਭਰਪਾਈ ਕੀਤੀ, ਬਲਕਿ ਰਾਸ਼ਟਰੀ ਰੁਝਾਨ ਤੋਂ ਵੀ ਉੱਚੀ ਵਿਕਾਸ ਦਰ ਹਾਸਲ ਕੀਤੀ।

ਉਨ੍ਹਾਂ ਦੱਸਿਆ ਕਿ ਜਨਵਰੀ 2026 ਤੱਕ ਦੇ ਸਾਲਾਨਾ ਅੰਕੜਿਆਂ ਅਨੁਸਾਰ ਸ਼ੁੱਧ ਜੀਐਸਟੀ ਵਸੂਲੀ ਵਿੱਚ 13.4 ਫੀਸਦ ਦਾ ਵਾਧਾ ਦਰਜ ਹੋਇਆ ਹੈ। ਇਸ ਨਾਲ ਕੁੱਲ ਸ਼ੁੱਧ ਜੀਐਸਟੀ 19,415 ਕਰੋੜ ਰੁਪਏ ਤੋਂ ਵਧ ਕੇ 22,014 ਕਰੋੜ ਰੁਪਏ ਤੱਕ ਪਹੁੰਚ ਗਈ। ਇਸੇ ਸਮੇਂ ਦੌਰਾਨ ਕੁੱਲ ਜੀਐਸਟੀ ਵਸੂਲੀ ਵਿੱਚ ਵੀ 13.0 ਫੀਸਦ ਦਾ ਵਾਧਾ ਦਰਜ ਕੀਤਾ ਗਿਆ, ਜੋ ਪੰਜਾਬ ਦੇ ਮਜ਼ਬੂਤ ਅਤੇ ਲਚਕੀਲੇ ਟੈਕਸ ਅਧਾਰ ਨੂੰ ਦਰਸਾਉਂਦਾ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਜਨਵਰੀ 2026 ਵਿੱਚ ਐਸਜੀਐਸਟੀ ਨਕਦ ਵਸੂਲੀ ਦੇ ਮਾਮਲੇ ਵਿੱਚ ਵੀ ਪੰਜਾਬ ਨੇ ਦੇਸ਼ ਭਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਦੌਰਾਨ 14.4 ਫੀਸਦ ਦੀ ਵਿਕਾਸ ਦਰ ਦਰਜ ਕੀਤੀ ਗਈ, ਜੋ ਲਗਭਗ 6 ਫੀਸਦ ਦੀ ਰਾਸ਼ਟਰੀ ਔਸਤ ਨਾਲੋਂ ਕਾਫ਼ੀ ਵੱਧ ਹੈ।

ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਕਰਦਾਤਾਵਾਂ ਦੀ ਸਹੂਲਤ ਨੂੰ ਪਹਿਲ ਦਿੰਦਿਆਂ ਸਮੇਂ ਸਿਰ ਰਿਫੰਡ ਯਕੀਨੀ ਬਣਾ ਰਹੀ ਹੈ। ਸਿਰਫ਼ ਜਨਵਰੀ 2026 ਦੌਰਾਨ 129 ਕਰੋੜ ਰੁਪਏ ਦੇ ਐਸਜੀਐਸਟੀ ਰਿਫੰਡ ਜਾਰੀ ਕੀਤੇ ਗਏ, ਜਦੋਂ ਕਿ ਮਹੀਨੇ ਦਾ ਕੁੱਲ ਜੀਐਸਟੀ ਰਿਫੰਡ ਲਗਭਗ 300 ਕਰੋੜ ਰੁਪਏ ਰਿਹਾ। ਇਹ ਪ੍ਰਕਿਰਿਆ ਇੱਕ ਪਾਰਦਰਸ਼ੀ ਅਤੇ ਕਰਦਾਤਾ-ਪੱਖੀ ਪ੍ਰਸ਼ਾਸਨ ਨੂੰ ਦਰਸਾਉਂਦੀ ਹੈ।

See also  ਸ਼੍ਰੋਮਣੀ ਕਮੇਟੀ ਨੇ ਚੌਥੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਸਬੰਧੀ ਦੁਕਾਨਦਾਰਾਂ ਨੂੰ ਦਿੱਤੇ ਸੱਦਾ ਪੱਤਰ

ਲਾਗੂਕਰਨ ਸਬੰਧੀ ਕਾਰਵਾਈਆਂ ਬਾਰੇ ਗੱਲ ਕਰਦਿਆਂ ਮੰਤਰੀ ਨੇ ਦੱਸਿਆ ਕਿ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟਸ ਵੱਲੋਂ ਜਨਵਰੀ 2026 ਦੌਰਾਨ ਸੜਕਾਂ ‘ਤੇ ਜਾਂਚ, ਨਿਰੀਖਣ ਅਤੇ ਤਸਦੀਕ ਰਾਹੀਂ ਆਈਟੀਸੀ ਚੋਰੀ ਰੋਕ ਕੇ ਅਤੇ ਜਾਅਲੀ ਬਿਲਿੰਗ ‘ਤੇ ਨਕੇਲ ਪਾ ਕੇ 200 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਗਈ। ਮੌਜੂਦਾ ਵਿੱਤੀ ਸਾਲ ਵਿੱਚ ਲਾਗੂਕਰਨ ਰਾਹੀਂ ਕੁੱਲ ਵਸੂਲੀ ਲਗਭਗ 1000 ਕਰੋੜ ਰੁਪਏ ਤੱਕ ਪਹੁੰਚ ਚੁੱਕੀ ਹੈ, ਜੋ ਹੁਣ ਤੱਕ ਦੀ ਸਭ ਤੋਂ ਵੱਧ ਹੈ।

ਸ. ਚੀਮਾ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਕੇਂਦਰ ਵੱਲੋਂ ਆਈਜੀਐਸਟੀ ਨਿਪਟਾਰੇ ਵਿੱਚ ਲਗਭਗ 280 ਕਰੋੜ ਰੁਪਏ ਦੀ ਇਕਪਾਸੜ ਕਟੌਤੀ ਨਾਲ ਵੀ ਪੰਜਾਬ ‘ਤੇ ਵਿੱਤੀ ਦਬਾਅ ਬਣਿਆ। ਇਸਦੇ ਬਾਵਜੂਦ, ਸੂਬੇ ਨੇ ਮਜ਼ਬੂਤੀ ਨਾਲ ਵਿਕਾਸ ਦੀ ਰਾਹ ਫੜੀ ਹੋਈ ਹੈ।

ਅੰਤ ਵਿੱਚ ਮੰਤਰੀ ਨੇ ਕਿਹਾ ਕਿ ਦਰਾਂ ਦੀ ਤਰਕਸੰਗਤੀ, ਸੈਕਟਰ-ਵਿਸ਼ੇਸ਼ ਕਮੀ ਅਤੇ ਆਈਜੀਐਸਟੀ ਕਟੌਤੀਆਂ ਦੇ ਬਾਵਜੂਦ, ਪੰਜਾਬ ਨੇ ਆਪਣੇ ਮਾਲੀਆ ਅਧਾਰ ਨੂੰ ਸੁਰੱਖਿਅਤ ਰੱਖਦਿਆਂ ਰਾਸ਼ਟਰੀ ਔਸਤ ਤੋਂ ਕਈ ਗੁਣਾ ਵੱਧ ਵਿਕਾਸ ਦਰ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਰ ਵਿਭਾਗ ਨਿਰਪੱਖ, ਪਾਰਦਰਸ਼ੀ ਅਤੇ ਤਕਨਾਲੋਜੀ-ਅਧਾਰਤ ਪ੍ਰਣਾਲੀ ਰਾਹੀਂ ਨਾ ਸਿਰਫ ਮਾਲੀਆ ਸੁਰੱਖਿਅਤ ਕਰ ਰਿਹਾ ਹੈ, ਸਗੋਂ ਕਾਰੋਬਾਰ ਵਿੱਚ ਆਸਾਨੀ ਅਤੇ ਕਰਦਾਤਾਵਾਂ ਲਈ ਭਰੋਸੇਯੋਗ ਮਾਹੌਲ ਵੀ ਤਿਆਰ ਕਰ ਰਿਹਾ ਹੈ।

Source link