punjab government to set up guru ravidas bani study centre near dera ballan hs

ਕੀ ਬਣੇਗਾ ਇਹ ਕੇਂਦਰ ਸਮਾਨਤਾ ਦੇ ਸੰਦੇਸ਼ ਦਾ ਨਵਾਂ ਚਾਨਣ ਮੁਨਾਰਾ? ਕਰੋੜਾਂ ਦੀ ਲਾਗਤ ਨਾਲ ਖਰੀਦੀ ਗਈ ਜ਼ਮੀਨ, ਤਿੰਨ ਰਜਿਸਟਰੀਆਂ ਹੋਈਆਂ ਪੂਰੀਆਂ।

ਗੁਰੂ ਰਵਿਦਾਸ ਜੀ ਦੇ ਨਾਮ ‘ਤੇ ਬਣੇਗਾ ਵਿਸ਼ੇਸ਼ ਕੇਂਦਰ, ਪੰਜਾਬ ਸਰਕਾਰ ਦਾ ਵੱਡਾ ਫੈਸਲਾ

ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਛੇ ਸਦੀਆਂ ਪਹਿਲਾਂ ਦਿੱਤੇ ਸਮਾਨਤਾ, ਸਮਾਜਿਕ ਨਿਆਂ ਅਤੇ ਮਨੁੱਖੀ ਬਰਾਬਰੀ ਦੇ ਸੰਦੇਸ਼ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੀ ਦਿਸ਼ਾ ਵਿੱਚ ਪੰਜਾਬ ਸਰਕਾਰ ਨੇ ਇੱਕ ਇਤਿਹਾਸਕ ਕਦਮ ਚੁੱਕਿਆ ਹੈ। ਇਸ ਫੈਸਲੇ ਤਹਿਤ ਜਲੰਧਰ ਜ਼ਿਲ੍ਹੇ ਵਿੱਚ ਡੇਰਾ ਬੱਲਾਂ ਦੇ ਨੇੜੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ ਦੀ ਸਥਾਪਨਾ ਕੀਤੀ ਜਾਵੇਗੀ, ਜੋ ਗੁਰੂ ਜੀ ਦੀ ਬਾਣੀ ਅਤੇ ਵਿਚਾਰਧਾਰਾ ਦੇ ਅਧਿਐਨ, ਖੋਜ ਅਤੇ ਪ੍ਰਚਾਰ ਦਾ ਕੇਂਦਰ ਬਣੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਹ ਉਪਰਾਲਾ ਦੇਸ਼ ਭਰ ਵਿੱਚ ਆਪਣੀ ਕਿਸਮ ਦਾ ਵਿਲੱਖਣ ਪ੍ਰੋਜੈਕਟ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਢੇ 10 ਕਰੋੜ ਰੁਪਏ ਦੀ ਲਾਗਤ ਨਾਲ 9 ਏਕੜ ਤੋਂ ਵੱਧ ਜ਼ਮੀਨ ਇਸ ਅਧਿਐਨ ਕੇਂਦਰ ਲਈ ਖਰੀਦ ਕੇ ਉਸ ਦੇ ਨਾਂ ਦਰਜ ਕਰ ਦਿੱਤੀ ਗਈ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਦੇਸ਼ ਅਤੇ ਦੁਨੀਆਂ ਤੱਕ ਪਹੁੰਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਮਕਸਦ ਲਈ ਅੱਜ ਤਿੰਨ ਵੱਖ-ਵੱਖ ਰਜਿਸਟਰੀਆਂ ਕੀਤੀਆਂ ਗਈਆਂ ਹਨ। ਪਿੰਡ ਨੌਗਜਾ ਵਿੱਚ 64 ਕਨਾਲ 5 ਮਰਲੇ ਜ਼ਮੀਨ 5 ਕਰੋੜ 40 ਲੱਖ 98 ਹਜ਼ਾਰ 500 ਰੁਪਏ ਦੀ ਲਾਗਤ ਨਾਲ ਖਰੀਦੀ ਗਈ ਹੈ। ਇਸ ਤੋਂ ਇਲਾਵਾ ਪਿੰਡ ਫਰੀਦਪੁਰ ਵਿੱਚ ਪਹਿਲੀ ਰਜਿਸਟਰੀ ਤਹਿਤ 2 ਕਨਾਲ ਜ਼ਮੀਨ 16 ਲੱਖ 74 ਹਜ਼ਾਰ ਰੁਪਏ ਵਿੱਚ ਅਤੇ ਦੂਜੀ ਰਜਿਸਟਰੀ ਤਹਿਤ 10 ਕਨਾਲ 14 ਮਰਲੇ ਜ਼ਮੀਨ 1 ਕਰੋੜ 44 ਲੱਖ 62 ਹਜ਼ਾਰ 150 ਰੁਪਏ ਦੀ ਲਾਗਤ ਨਾਲ ਖਰੀਦੀ ਗਈ ਹੈ। ਇਸ ਤਰ੍ਹਾਂ ਕੁੱਲ 76 ਕਨਾਲ 19 ਮਰਲੇ ਜ਼ਮੀਨ ਦੀ ਰਜਿਸਟਰੀ ਕਰਕੇ ਲਗਭਗ 7 ਕਰੋੜ 2 ਲੱਖ 54 ਹਜ਼ਾਰ 659 ਰੁਪਏ ਖਰਚ ਕੀਤੇ ਗਏ ਹਨ।

See also  ਪੰਜਾਬ ਵਿੱਚ ਦਿਨੋ ਦਿਨ ਵਧ ਰਿਹਾ ਗੈਂਗਸਟਰਾਂ ਦਾ ਡਰ, ਗਰੁੱਪ ਦੇ ਰਹੇ ਨੇ ਇੱਕ ਦੂਸਰੇ ਨੂੰ ਧਮਕੀਆਂ

 

ਵਿੱਤ ਮੰਤਰੀ ਨੇ ਕਿਹਾ ਕਿ ਇਸ ਨੇਕ ਕਾਰਜ ਵਿੱਚ ਯੋਗਦਾਨ ਪਾਉਣ ‘ਤੇ ਪੰਜਾਬ ਸਰਕਾਰ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਵੱਲੋਂ ਪ੍ਰਚਾਰੇ ਗਏ ਸਮਾਨਤਾ, ਦਇਆ ਅਤੇ ਸਮਾਜਿਕ ਨਿਆਂ ਦੇ ਵਿਸ਼ਵਵਿਆਪੀ ਸੰਦੇਸ਼ ਨੂੰ ਫੈਲਾਉਣਾ ਹੀ ਇਸ ਅਧਿਐਨ ਕੇਂਦਰ ਦਾ ਮੁੱਖ ਉਦੇਸ਼ ਹੈ।

ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਆਉਣ ਵਾਲੀਆਂ ਪੀੜ੍ਹੀਆਂ ਲਈ ਗਿਆਨ ਅਤੇ ਪ੍ਰੇਰਣਾ ਦਾ ਚਾਨਣ ਮੁਨਾਰਾ ਸਾਬਤ ਹੋਵੇਗਾ। ਇਸ ਉਪਰਾਲੇ ਰਾਹੀਂ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਅਤੇ ਵਿਰਾਸਤ ਨਾਲ ਜੋੜਿਆ ਜਾਵੇਗਾ ਅਤੇ ਸਮਾਜਿਕ-ਆਰਥਿਕ ਪਾੜੇ ਨੂੰ ਘਟਾਉਣ ਦੀ ਦਿਸ਼ਾ ਵਿੱਚ ਮਜ਼ਬੂਤ ਕਦਮ ਚੁੱਕੇ ਜਾਣਗੇ।

 

ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਕੇਂਦਰ ਦਾ ਮੁੱਖ ਮਕਸਦ ਸੈਮੀਨਾਰਾਂ, ਖੋਜ ਪ੍ਰਕਾਸ਼ਨਾਂ ਅਤੇ ਭਾਈਚਾਰੇ ਅਧਾਰਿਤ ਕਾਰਜਕ੍ਰਮਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦੀ ਖੋਜ, ਸੰਭਾਲ ਅਤੇ ਵਿਆਪਕ ਪ੍ਰਚਾਰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਕੇਂਦਰ ਪੰਜਾਬ ਹੀ ਨਹੀਂ, ਸਗੋਂ ਦੇਸ਼ ਅਤੇ ਵਿਦੇਸ਼ ਵਿੱਚ ਵੀ ਗੁਰੂ ਜੀ ਦੇ ਸੰਦੇਸ਼ ਨੂੰ ਨਵੀਂ ਪਹਿਚਾਣ ਦਿਵਾਏਗਾ।