Last Updated:Apr 13, 2026 1:20 PM ISTਪੰਜਾਬ ਦੇ ਅੱਠਵੀਂ ਜਮਾਤ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵਾਰ ਕੁੜੀਆਂ ਨੇ ਐਸਾ ਦਬਦਬਾ ਬਣਾਇਆ ਕਿ ਸਾਰਾ ਸੂਬਾ ਗਰਵ ਮਹਿਸੂਸ ਕਰ ਰਿਹਾ ਹੈ। ਜਾਣੋ ਕਿਹੜੀਆਂ ਧੀਆਂ ਨੇ ਮਾਰਿਆ ਮੈਦਾਨ ਅਤੇ ਸਰਕਾਰ ਨੇ ਕੀ ਵੱਡਾ ਫੈਸਲਾ ਲਿਆ…ਅੱਠਵੀਂ ਜਮਾਤ ਦੇ ਮੋਹਰੀ 20 ਵਿਦਿਆਰਥੀਆਂ ਨੂੰ ਸਕੂਲ ਆਫ਼ ਐਮੀਨੈਂਸ ‘ਚ ਸਿੱਧਾ ਦਾਖਲਾ- CM ਮਾਨਪੰਜਾਬ ਵਿੱਚ ਸਿੱਖਿਆ ਦੇ ਖੇਤਰ ਵਿੱਚ ਆ ਰਹੇ ਬਦਲਾਅ ਹੁਣ ਸਪੱਸ਼ਟ ਤੌਰ ‘ਤੇ ਨਤੀਜਿਆਂ ਵਿੱਚ ਵੀ ਦਿਖਾਈ ਦੇਣ ਲੱਗ ਪਏ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਹ ਦਾਅਵਾ ਕੀਤਾ ਕਿ ਸੂਬੇ ਵਿੱਚ ਚੱਲ ਰਹੀ ‘ਸਿੱਖਿਆ ਕ੍ਰਾਂਤੀ’ ਜ਼ਮੀਨੀ ਪੱਧਰ ‘ਤੇ ਸਫਲ ਹੋ ਰਹੀ ਹੈ ਅਤੇ ਇਸ ਦਾ ਸਿੱਧਾ ਸਬੂਤ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਠਵੀਂ ਜਮਾਤ ਦੇ ਨਤੀਜੇ ਹਨ।ਚੰਡੀਗੜ੍ਹ ਵਿਖੇ ਆਪਣੇ ਨਿਵਾਸ ਸਥਾਨ ‘ਤੇ ਮੋਹਰੀ ਵਿਦਿਆਰਥੀਆਂ ਦਾ ਸਨਮਾਨ ਕਰਦਿਆਂ ਮੁੱਖ ਮੰਤਰੀ ਨੇ ਇੱਕ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੈਰਿਟ ਵਿੱਚ ਅੱਵਲ ਰਹੇ 20 ਵਿਦਿਆਰਥੀਆਂ ਨੂੰ ਬਿਨਾਂ ਕਿਸੇ ਦਾਖਲਾ ਪ੍ਰੀਖਿਆ ਦੇ ਸਕੂਲ ਆਫ਼ ਐਮੀਨੈਂਸ ਵਿੱਚ ਸਿੱਧਾ ਦਾਖਲਾ ਦਿੱਤਾ ਜਾਵੇਗਾ, ਜਿਸ ਨਾਲ ਉੱਚ ਮਿਆਰੀ ਸਿੱਖਿਆ ਤੱਕ ਪਹੁੰਚ ਹੋਰ ਆਸਾਨ ਬਣੇਗੀ।ਇਸ ਸਾਲ ਦੇ ਨਤੀਜੇ ਖਾਸ ਤੌਰ ‘ਤੇ ਇਸ ਲਈ ਵੀ ਚਰਚਾ ਵਿੱਚ ਹਨ ਕਿਉਂਕਿ ਪਹਿਲੀ ਵਾਰ ਕੁੜੀਆਂ ਨੇ ਮੈਰਿਟ ਸੂਚੀ ‘ਚ ਵੱਡਾ ਦਬਦਬਾ ਬਣਾਇਆ ਹੈ। ਟਾਪ 20 ਵਿੱਚੋਂ 19 ਸਥਾਨ ਕੁੜੀਆਂ ਨੇ ਹਾਸਲ ਕੀਤੇ ਹਨ, ਜਦਕਿ ਸਿਰਫ਼ ਇੱਕ ਲੜਕਾ 20ਵੇਂ ਸਥਾਨ ‘ਤੇ ਰਿਹਾ। ਮੁੱਖ ਮੰਤਰੀ ਨੇ ਇਸ ਪ੍ਰਾਪਤੀ ਨੂੰ ਧੀਆਂ ਦੇ ਦ੍ਰਿੜ੍ਹ ਇਰਾਦੇ ਅਤੇ ਮਿਹਨਤ ਦਾ ਨਤੀਜਾ ਕਰਾਰ ਦਿੱਤਾ।ਮੁੱਖ ਮੰਤਰੀ ਨੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ 50-50 ਹਜ਼ਾਰ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ। ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਜੈਤੋ ਦੀ ਤਮੰਨਾ ਨੇ 600 ਵਿੱਚੋਂ 600 ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਦੂਜੇ ਸਥਾਨ ‘ਤੇ ਸਰਕਾਰੀ ਮਿਡਲ ਸਕੂਲ ਅੜਕਵਾਸ ਦੀ ਜਪਨੀਤ ਕੌਰ ਅਤੇ ਤੀਜੇ ਸਥਾਨ ‘ਤੇ ਸੰਤ ਮੋਹਨ ਦਾਸ ਮੈਮੋਰੀਅਲ ਸਕੂਲ ਕੋਟ ਸੁਖੀਆ ਦੀ ਜਸ਼ਨਦੀਪ ਕੌਰ ਰਹੀਆਂ, ਜਿਨ੍ਹਾਂ ਨੇ 598-598 ਅੰਕ ਪ੍ਰਾਪਤ ਕੀਤੇ।ਮੁੱਖ ਮੰਤਰੀ ਨੇ ਦੱਸਿਆ ਕਿ ਇਹ ਵਿਦਿਆਰਥੀ ਸਿਰਫ਼ ਪੜ੍ਹਾਈ ਵਿੱਚ ਹੀ ਨਹੀਂ, ਸਗੋਂ ਖੇਡਾਂ ਵਿੱਚ ਵੀ ਅੱਗੇ ਹਨ, ਜੋ ਉਨ੍ਹਾਂ ਦੀ ਸਮੁੱਚੀ ਯੋਗਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਆਮ ਪਰਿਵਾਰਾਂ ਦੇ ਬੱਚਿਆਂ ਵੱਲੋਂ ਕੀਤੀ ਇਹ ਪ੍ਰਾਪਤੀ ਸਾਬਤ ਕਰਦੀ ਹੈ ਕਿ ਮੌਕੇ ਮਿਲਣ ‘ਤੇ ਹਰ ਕੋਈ ਅੱਗੇ ਵੱਧ ਸਕਦਾ ਹੈ।ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਨਿਮਰ ਰਹਿਣ, ਸਖ਼ਤ ਮਿਹਨਤ ਕਰਨ ਅਤੇ ਸਹੀ ਰੋਲ ਮਾਡਲ ਚੁਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਕੀਤੇ ਗਏ ਸੁਧਾਰਾਂ ਕਾਰਨ ਸਰਕਾਰੀ ਸਕੂਲ ਹੁਣ ਦੇਸ਼ ਵਿੱਚ ਮਿਸਾਲ ਬਣ ਰਹੇ ਹਨ।ਉਨ੍ਹਾਂ ਅੱਗੇ ਕਿਹਾ ਕਿ ਇਸ ਸਾਲ ਲਗਭਗ 2.62 ਲੱਖ ਵਿਦਿਆਰਥੀਆਂ ਨੇ ਅੱਠਵੀਂ ਜਮਾਤ ਦੀ ਪ੍ਰੀਖਿਆ ਦਿੱਤੀ, ਜਿਸ ਵਿੱਚੋਂ ਟਾਪ 20 ਵਿਦਿਆਰਥੀਆਂ ਨੇ ਆਪਣੀ ਯੋਗਤਾ ਨਾਲ ਖਾਸ ਮਕਾਮ ਹਾਸਲ ਕੀਤਾ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਆਫ਼ ਐਮੀਨੈਂਸ ਵਿੱਚ ਦਾਖਲਾ ਦੇਣਾ ਉਨ੍ਹਾਂ ਦੀ ਮਿਹਨਤ ਦਾ ਸਨਮਾਨ ਹੈ।ਮੁੱਖ ਮੰਤਰੀ ਨੇ ਮਾਪਿਆਂ ਅਤੇ ਅਧਿਆਪਕਾਂ ਦੇ ਯੋਗਦਾਨ ਦੀ ਵੀ ਸਰਾਹਨਾ ਕੀਤੀ ਅਤੇ ਕਿਹਾ ਕਿ ਬੱਚਿਆਂ ਦੀ ਸਫਲਤਾ ਵਿੱਚ ਉਨ੍ਹਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਵਿਦਿਆਰਥੀਆਂ ਲਈ ਨਹੀਂ, ਸਗੋਂ ਪੂਰੇ ਪੰਜਾਬ ਲਈ ਮਾਣ ਵਾਲਾ ਪਲ ਹੈ।ਅੰਤ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਬੱਚਿਆਂ ਦੇ ਸੁਪਨਿਆਂ ਨੂੰ ਉਡਾਣ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਿੱਖਿਆ ਦੇ ਖੇਤਰ ਵਿੱਚ ਵੱਡੇ ਸੁਧਾਰ ਜਾਰੀ ਰਹਿਣਗੇ।Read More
Rozana Times















