alleged audio of sandeep kaur surfaces in tarn taran law college shooting case hs |

Last Updated:

ਲਾਅ ਕਾਲਜ ‘ਚ ਹੋਏ ਦੋਹਰੇ ਕਤਲਕਾਂਡ ਮਗਰੋਂ ਹੁਣ ਵਾਇਰਲ ਹੋਈ ਇੱਕ ਕਥਿਤ ਆਡੀਓ। ਕੀ ਇਸ ਵਿੱਚ ਛੁਪਿਆ ਹੈ ਰਿਸ਼ਤੇ ਦਾ ਸੱਚ ਜਾਂ ਕੋਈ ਨਵਾਂ ਰਾਜ਼? ਜਾਂਚ ਤੋਂ ਪਹਿਲਾਂ ਕੁਝ ਵੀ ਕਹਿਣਾ ਮੁਸ਼ਕਲ, ਪਰ ਚਰਚਾ ਤੇਜ਼ ਹੈ।

+

ਸੰਦੀਪ ਕੌਰ ਦੀ ਕਥਿਤ ਆਡੀਓ ਵਾਇਰਲ, ਪ੍ਰਿੰਸਰਾਜ ਦਾ ਨਾਂਅ ਲੈ ਕੇ ਕੀ ਕਹਿ ਰਹੀ ਸੀ ?

ਲਾਅ ਕਾਲਜ ਵਿੱਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਗੋਲੀਕਾਂਡ ਘਟਨਾ ਨੇ ਇੱਕ ਵਾਰ ਫਿਰ ਨਵਾਂ ਮੋੜ ਲੈ ਲਿਆ ਹੈ। ਸੰਦੀਪ ਕੌਰ ਦੀ ਕਥਿਤ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਇਸ ਮਾਮਲੇ ਨੇ ਨਵੀਆਂ ਚਰਚਾਵਾਂ ਨੂੰ ਜਨਮ ਦੇ ਦਿੱਤਾ ਹੈ। ਹਾਲਾਂਕਿ ਇਸ ਆਡੀਓ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਅਤੇ News18 ਇਸਦੀ ਪੁਸ਼ਟੀ ਨਹੀਂ ਕਰਦਾ, ਪਰ ਇਸ ਦੇ ਸਾਹਮਣੇ ਆਉਣ ਨਾਲ ਕਈ ਸਵਾਲ ਖੜੇ ਹੋ ਰਹੇ ਹਨ।

ਯਾਦ ਰਹੇ ਕਿ ਕੁਝ ਦਿਨ ਪਹਿਲਾਂ ਤਰਨਤਾਰਨ ਦੇ ਇੱਕ ਲਾਅ ਕਾਲਜ ਵਿੱਚ ਪ੍ਰਿੰਸਰਾਜ ਨੇ ਸੰਦੀਪ ਕੌਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸਨੇ ਖੁਦ ਨੂੰ ਵੀ ਗੋਲੀ ਮਾਰ ਲਈ ਸੀ। ਦੋਵਾਂ ਦੀ ਮੌਤ ਨਾਲ ਇਲਾਕੇ ਵਿੱਚ ਸਨਾਟਾ ਛਾ ਗਿਆ ਸੀ ਅਤੇ ਪਰਿਵਾਰਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ।

ਹੁਣ ਵਾਇਰਲ ਹੋ ਰਹੀ ਕਥਿਤ ਆਡੀਓ ਵਿੱਚ ਇੱਕ ਔਰਤ ਦੀ ਆਵਾਜ਼ ਸੁਣਾਈ ਦੇ ਰਹੀ ਹੈ, ਜਿਸਨੂੰ ਸੰਦੀਪ ਕੌਰ ਨਾਲ ਜੋੜਿਆ ਜਾ ਰਿਹਾ ਹੈ। ਆਡੀਓ ਵਿੱਚ ਪ੍ਰਿੰਸਰਾਜ ਦਾ ਨਾਂ ਲਿਆ ਜਾ ਰਿਹਾ ਹੈ ਅਤੇ ਕੁਝ ਨਿੱਜੀ ਗੱਲਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਕਿ ਆਡੀਓ ਕਦੋਂ ਰਿਕਾਰਡ ਕੀਤੀ ਗਈ ਅਤੇ ਕੀ ਇਹ ਵਾਕਈ ਸੰਦੀਪ ਕੌਰ ਦੀ ਹੀ ਆਵਾਜ਼ ਹੈ ਜਾਂ ਨਹੀਂ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਕਿਸੇ ਵੀ ਅਪ੍ਰਮਾਣਿਤ ਜਾਣਕਾਰੀਆਂ ‘ਤੇ ਵਿਸ਼ਵਾਸ ਨਾ ਕੀਤਾ ਜਾਵੇ। ਜਾਂਚ ਦੇ ਹਿੱਸੇ ਵਜੋਂ ਡਿਜ਼ਿਟਲ ਸਬੂਤਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ।

See also  ਵੱਡੀ ਖ਼ਬਰ: ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਘਰ ਵਿਜੀਲੈਂਸ ਦੀ ਦਬਸ਼, ਅੱਜ ਹੋ ਸਕਦੀ ਗ੍ਰਿਫ਼ਤਾਰੀ?

ਇਸ ਘਟਨਾ ਨੇ ਨਾ ਸਿਰਫ਼ ਤਰਨਤਾਰਨ, ਸਗੋਂ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਵਿਦਿਆਰਥੀ ਵਰਗ ਵਿੱਚ ਵੀ ਡਰ ਅਤੇ ਚਿੰਤਾ ਦਾ ਮਾਹੌਲ ਹੈ। ਸਵਾਲ ਇਹ ਵੀ ਉਠ ਰਹੇ ਹਨ ਕਿ ਅਖ਼ੀਰ ਕਿਹੜੀਆਂ ਪਰਿਸਥਿਤੀਆਂ ਨੇ ਇਸ ਨੌਜਵਾਨ ਜੋੜੇ ਨੂੰ ਇਸ ਹੱਦ ਤੱਕ ਪਹੁੰਚਾਇਆ?

ਫਿਲਹਾਲ, ਕਥਿਤ ਆਡੀਓ ਦੇ ਸਾਹਮਣੇ ਆਉਣ ਨਾਲ ਮਾਮਲੇ ਨੇ ਨਵੀਂ ਦਿਸ਼ਾ ਜ਼ਰੂਰ ਲੈ ਲਈ ਹੈ, ਪਰ ਅਸਲ ਸੱਚਾਈ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗੀ। ਲੋਕਾਂ ਦੀ ਨਜ਼ਰ ਹੁਣ ਪੁਲਿਸ ਦੀ ਅਗਲੀ ਕਾਰਵਾਈ ‘ਤੇ ਟਿਕੀ ਹੋਈ ਹੈ।

Source link