Last Updated:
ਟਰੰਪ ਦੇ ਟਵੀਟਾਂ ਨੇ ਭਾਰਤੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਆਪ ਦਾ ਦਾਅਵਾ ਹੈ ਕਿ ਗੁਪਤ ਸੌਦਾ ਕਿਸਾਨਾਂ ਲਈ ਖਤਰੇ ਦੀ ਘੰਟੀ ਹੈ। ਸਵਾਲ ਇਹ ਹੈ ਕਿ ਅਸਲ ਸੱਚ ਕੀ ਹੈ ਅਤੇ ਸਰਕਾਰ ਕਿਉਂ ਚੁੱਪ ਹੈ?
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਰਮਿਆਨ ਕਥਿਤ ਗੁਪਤ ਵਪਾਰਕ ਸਮਝੌਤੇ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਹੈ। ਪਾਰਟੀ ਦਾ ਦਾਅਵਾ ਹੈ ਕਿ ਇਹ ਸੌਦਾ ਭਾਰਤ ਦੇ ਕਿਸਾਨਾਂ ਅਤੇ ਦੇਸ਼ ਦੀ ਖੇਤੀ ਆਧਾਰਿਤ ਅਰਥਵਿਵਸਥਾ ਲਈ ਘਾਤਕ ਸਾਬਤ ਹੋ ਸਕਦਾ ਹੈ।
ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਹੋਈ ਪ੍ਰੈੱਸ ਕਾਨਫਰੰਸ ਦੌਰਾਨ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਗੰਭੀਰ ਅਤੇ ਚਿੰਤਾਜਨਕ ਗੱਲ ਹੈ ਕਿ ਜਿਸ ਮਸਲੇ ਦਾ ਸਿੱਧਾ ਸਬੰਧ ਦੇਸ਼ ਦੇ ਭਵਿੱਖ ਅਤੇ 80 ਕਰੋੜ ਤੋਂ ਵੱਧ ਲੋਕਾਂ ਦੀ ਰੋਜ਼ੀ-ਰੋਟੀ ਨਾਲ ਹੈ, ਉਸ ਬਾਰੇ ਪ੍ਰਧਾਨ ਮੰਤਰੀ ਸੰਸਦ ਵਿੱਚ ਸਪਸ਼ਟ ਜਵਾਬ ਦੇਣ ਦੀ ਬਜਾਏ ਚੁੱਪੀ ਸਾਧੇ ਹੋਏ ਹਨ। ਉਨ੍ਹਾਂ ਕਿਹਾ ਕਿ ਸਮਝੌਤੇ ਦੇ ਇਸ਼ਾਰੇ ਟਰੰਪ ਦੇ ਸੋਸ਼ਲ ਮੀਡੀਆ ਟਵੀਟਾਂ ਰਾਹੀਂ ਸਾਹਮਣੇ ਆ ਰਹੇ ਹਨ, ਜੋ ਦੇਸ਼ ਦੀ ਲੋਕਤੰਤਰਿਕ ਪਰੰਪਰਾ ਲਈ ਅਪਮਾਨਜਨਕ ਹੈ।
ਧਾਲੀਵਾਲ ਨੇ ਸਵਾਲ ਉਠਾਇਆ ਕਿ ਭਾਰਤ ਦੀ ਨੀਤੀ ਬਾਰੇ ਐਲਾਨ ਕਰਨ ਦਾ ਅਧਿਕਾਰ ਟਰੰਪ ਨੂੰ ਕਿਸ ਨੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਟਰੰਪ ਪ੍ਰਧਾਨ ਮੰਤਰੀ ਦੇ ਦੋਸਤ ਹੋ ਸਕਦੇ ਹਨ, ਪਰ ਭਾਰਤ ਦੇ ਲੋਕਾਂ ਲਈ ਉਹ ਕੋਈ ਸੰਵਿਧਾਨਕ ਅਧਿਕਾਰ ਵਾਲੀ ਹਸਤੀਆਂ ਨਹੀਂ। ਫਿਰ ਵੀ ਜਦੋਂ ਮੋਦੀ ਚੁੱਪ ਹਨ, ਟਰੰਪ ਸੋਸ਼ਲ ਮੀਡੀਆ ‘ਤੇ ਭਾਰਤੀ ਨੀਤੀਆਂ ਦੇ ਸੰਕੇਤ ਕਿਉਂ ਦੇ ਰਹੇ ਹਨ।
ਆਪ ਬੁਲਾਰੇ ਨੇ ਚੇਤਾਵਨੀ ਦਿੱਤੀ ਕਿ ਇਸ ਕਥਿਤ ਸਮਝੌਤੇ ਤਹਿਤ ਅਮਰੀਕੀ ਖੇਤੀ ਉਤਪਾਦਾਂ ਲਈ ਭਾਰਤ ਦੇ ਬਾਜ਼ਾਰ ਜ਼ੀਰੋ ਟੈਕਸ ਦੇ ਨੇੜੇ ਖੋਲ੍ਹਣ ਦੀ ਤਿਆਰੀ ਹੋ ਰਹੀ ਹੈ। ਇਸ ਨਾਲ ਸਸਤੇ ਦਰਾਮਦੀ ਉਤਪਾਦ ਭਾਰਤੀ ਮੰਡੀਆਂ ਵਿੱਚ ਭਰ ਜਾਣਗੇ ਅਤੇ ਦੇਸ਼ ਦੇ ਕਿਸਾਨ ਮੁਕਾਬਲੇ ਵਿੱਚ ਟਿਕ ਨਹੀਂ ਸਕਣਗੇ। ਉਨ੍ਹਾਂ ਕਿਹਾ ਕਿ ਇਹ ਕੋਈ ਸਧਾਰਣ ਵਪਾਰਕ ਸਮਝੌਤਾ ਨਹੀਂ, ਸਗੋਂ ਖੇਤੀਬਾੜੀ ਖੇਤਰ ਨਾਲ ਆਤਮ-ਸਮਰਪਣ ਹੈ।
ਧਾਲੀਵਾਲ ਨੇ ਯਾਦ ਦਿਵਾਇਆ ਕਿ ਪਹਿਲਾਂ ਹੀ ਕਿਸਾਨ ਯੂਨੀਅਨਾਂ ਅਤੇ ਕਈ ਮੁੱਖ ਮੰਤਰੀ ਕੇਂਦਰ ਸਰਕਾਰ ਨੂੰ ਚੇਤਾਵਨੀ ਦੇ ਚੁੱਕੇ ਹਨ ਕਿ ਅਮਰੀਕਾ ਨਾਲ ਕਿਸੇ ਵੀ ਤਰ੍ਹਾਂ ਦੇ ਵਪਾਰਕ ਸਮਝੌਤੇ ਵਿੱਚ ਖੇਤੀਬਾੜੀ ਨੂੰ ਬਾਹਰ ਰੱਖਿਆ ਜਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਪਿਛਲੇ ਦਰਵਾਜ਼ੇ ਰਾਹੀਂ ਉਹੀ ਕਾਲੇ ਖੇਤੀ ਕਾਨੂੰਨ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਲੋਕ ਅੰਦੋਲਨ ਤੋਂ ਬਾਅਦ ਰੱਦ ਹੋਏ ਸਨ।
ਆਪ ਆਗੂ ਨੇ ਕਿਹਾ ਕਿ ਅਮਰੀਕਾ ਤੋਂ ਆਉਣ ਵਾਲੇ ਕੈਮੀਕਲ ਯੁਕਤ ਖਾਦ ਪਦਾਰਥ ਸਿਹਤ ਅਤੇ ਭੋਜਨ ਸੁਰੱਖਿਆ ਲਈ ਵੀ ਗੰਭੀਰ ਖਤਰਾ ਬਣ ਸਕਦੇ ਹਨ। ਨਾਲ ਹੀ ਉਨ੍ਹਾਂ ਨੇ ਚੇਤਾਇਆ ਕਿ ਇਹ ਸੌਦਾ ਭਾਰਤ ਨੂੰ ਰੂਸ ਤੋਂ ਸਸਤਾ ਤੇਲ ਖਰੀਦਣ ਤੋਂ ਰੋਕ ਕੇ ਅਮਰੀਕਾ ਤੋਂ ਮਹਿੰਗਾ ਤੇਲ ਮੰਗਵਾਉਣ ਵੱਲ ਧੱਕ ਸਕਦਾ ਹੈ, ਜਿਸ ਨਾਲ ਮਹਿੰਗਾਈ ਵਿੱਚ ਭਾਰੀ ਵਾਧਾ ਹੋਵੇਗਾ।
ਧਾਲੀਵਾਲ ਨੇ ਪੰਜਾਬ ਦੀ ਭਾਜਪਾ ਲੀਡਰਸ਼ਿਪ ‘ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੂਬੇ ਦੀ ਰੀੜ੍ਹ ਦੀ ਹੱਡੀ ਮੰਨੀ ਜਾਣ ਵਾਲੀ ਖੇਤੀਬਾੜੀ ਨੂੰ ਖਤਰੇ ਵਿੱਚ ਪਾਉਣ ਵਾਲੇ ਇਸ ਮਸਲੇ ‘ਤੇ ਉਹ ਅਪਰਾਧਿਕ ਚੁੱਪੀ ਕਿਉਂ ਧਾਰੇ ਬੈਠੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਅਮਰੀਕੀ ਕਣਕ, ਮੱਕੀ, ਸੋਇਆਬੀਨ, ਕਪਾਹ, ਡੇਅਰੀ ਅਤੇ ਹੋਰ ਉਤਪਾਦ ਸਸਤੇ ਦਰਾਂ ‘ਤੇ ਭਾਰਤ ਵਿੱਚ ਦਾਖਲ ਹੋਣਗੇ, ਤਾਂ ਪੰਜਾਬ ਦੇ ਕਿਸਾਨ ਕਿੱਥੇ ਜਾਣਗੇ।
ਆਪ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਮੋਦੀ ਤੁਰੰਤ ਸੰਸਦ ਅਤੇ ਦੇਸ਼ ਦੇ ਲੋਕਾਂ ਸਾਹਮਣੇ ਪੂਰੇ ਸਮਝੌਤੇ ਦੀਆਂ ਸਾਰੀਆਂ ਸ਼ਰਤਾਂ ਸਪਸ਼ਟ ਕਰਨ। ਪਾਰਟੀ ਨੇ ਐਲਾਨ ਕੀਤਾ ਕਿ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਲਈ ਆਪ ਸੰਸਦ ਤੋਂ ਲੈ ਕੇ ਸੜਕਾਂ ਤੱਕ ਲੜਾਈ ਲੜੇਗੀ ਅਤੇ ਕਿਸੇ ਵੀ ਕੀਮਤ ‘ਤੇ ਕਿਸਾਨ ਵਿਰੋਧੀ ਸਮਝੌਤੇ ਨੂੰ ਮਨਜ਼ੂਰ ਨਹੀਂ ਹੋਣ ਦੇਵੇਗੀ।
Amritsar,Punjab
Feb 05, 2026 10:11 AM IST