18 ਕਿਲੋ ਹੈਰੋਇਨ ਸਣੇ ”ਆਪ” ਸਰਪੰਚ ਗ੍ਰਿਫ਼ਤਾਰ ਹੋਣ ਤੇ ਸੁਖਪਾਲ ਖਹਿਰਾ ਨੇ ”ਨਸ਼ਿਆਂ ਵਿਰੁੱਧ ਜੰਗ” ਉੱਤੇ ਚੁੱਕੇ ਸਵਾਲ।

0
8

ਜਲੰਧਰ–  ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਖੇਮਕਰਨ ਦੇ ਇਕ ‘ਆਪ’ ਸਰਪੰਚ ਪਰਮਜੀਤ ਕਲਸੀਆਂ ਨੂੰ 18 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਇਸ ਗ੍ਰਿਫ਼ਤਾਰੀ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨੀਅਤ ‘ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

ਸੁਖਪਾਲ ਸਿੰਘ ਖਹਿਰਾ ਨੇ ਇਸ ਮਾਮਲੇ ‘ਤੇ ਟਵੀਟ ਕਰਦਿਆਂ ਸੂਬਾ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਇਹ “ਨਸ਼ਿਆਂ ਵਿਰੁੱਧ ਜੰਗ ਹੈ ਜਾਂ ਜੰਗ ਵਿਰੁੱਧ ਨਸ਼ੇ?” ਖਹਿਰਾ ਨੇ ਦੋਸ਼ ਲਾਇਆ ਕਿ ਗ੍ਰਿਫ਼ਤਾਰ ਕੀਤਾ ਗਿਆ ਸਰਪੰਚ ਇਕ ‘ਹਾਰਡਕੋਰ’ ਅਪਰਾਧੀ ਹੈ, ਖਹਿਰਾ ਨੇ ਅੱਗੇ ਖ਼ੁਲਾਸਾ ਕੀਤਾ ਕਿ ਉਕਤ ਕਥਿਤ ਨਸ਼ਾ ਤਸਕਰ ਨੇ 7 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਖੇਮਕਰਨ ਦੌਰੇ ਦੌਰਾਨ ਉਨ੍ਹਾਂ ਦੇ ਸਵਾਗਤੀ ਬੈਨਰ ਵੀ ਲਗਾਏ ਸਨ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਇਹ ਸਰਪੰਚ ਮੁੱਖ ਮੰਤਰੀ ਦੀ ਰੈਲੀ ਵਿੱਚ ਵੀ ਮੌਜੂਦ ਸੀ। ਸਰਕਾਰ ਦੀ ਕਾਰਗੁਜ਼ਾਰੀ ’ਤੇ ਤਿੱਖਾ ਹਮਲਾ ਕਰਦਿਆਂ ਖਹਿਰਾ ਨੇ ਕਿਹਾ ਕਿ ਜੇਕਰ ਸੱਤਾਧਾਰੀ ਪਾਰਟੀ ਦੇ ਆਪਣੇ ਹੀ ਨੇੜਲੇ ਲੋਕ ਇੰਨੀ ਵੱਡੀ ਪੱਧਰ ‘ਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਹਨ ਤਾਂ ਨਸ਼ਿਆਂ ਵਿਰੁੱਧ ਜੰਗ ਦੇ ਦਾਅਵੇ ਖੋਖਲੇ ਸਾਬਤ ਹੁੰਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਅਜਿਹੇ ਹਾਲਾਤ ਵਿੱਚ ਨਸ਼ਿਆਂ ਵਿਰੁੱਧ ਜੰਗ ਕਿੱਥੇ ਰਹਿ ਜਾਂਦੀ ਹੈ ਜਦੋਂ ਸਰਕਾਰ ਦੇ ਆਪਣੇ ਲੋਕ ਹੀ ਇਸ ਗੋਰਖਧੰਦੇ ਦਾ ਹਿੱਸਾ ਹੋਣ।