punjab paddy procurement 2026 : bhagwant mann seeks urgent lifting of rice and wheat stocks |

0
10
ਚਾਵਲਾ ਮਾਮਲੇ 'ਚ ਨਵੇਂ ਖੁਲਾਸੇ, AAP ਨੇ SGPC ਤੋਂ ਪੁੱਛੇ ਕਈ ਸਵਾਲ...

ਪੰਜਾਬ ਵਿੱਚ ਝੋਨੇ ਦੀ ਆਮਦ ਤੇਜ਼ ਹੋਣ ਤੋਂ ਪਹਿਲਾਂ ਮੰਡੀਆਂ ਅਤੇ ਰਾਈਸ ਮਿੱਲਾਂ ਵਿੱਚ ਜਗ੍ਹਾ ਦਾ ਸਵਾਲ ਖੜ੍ਹਾ ਹੋ ਗਿਆ ਹੈ। ਪੁਰਾਣਾ ਚੌਲ ਤੇ ਕਣਕ ਕਿੰਨੀ ਜਲਦੀ ਚੁੱਕੀ ਜਾਂਦੀ ਹੈ, ਹੁਣ ਇਸੇ ‘ਤੇ ਆਉਣ ਵਾਲੀ ਖਰੀਦ ਪ੍ਰਕਿਰਿਆ ਦੀ ਵੱਡੀ ਕੜੀ ਨਿਰਭਰ ਕਰ ਸਕਦੀ ਹੈ। ਪੰਜਾਬ ਵਿੱਚ ਝੋਨੇ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਅਨਾਜ ਦੇ ਭੰਡਾਰਨ ਦੀ ਸਮੱਸਿਆ ਮੁੜ ਸਾਹਮਣੇ ਆ ਗਈ ਹੈ। ਇਸੇ ਦਰਮਿਆਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਸੂਬੇ ਵਿੱਚ ਪਿਆ ਪੁਰਾਣਾ ਅਨਾਜੀ ਸਟਾਕ ਤੁਰੰਤ ਚੁੱਕਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਨਵੇਂ ਝੋਨੇ ਲਈ ਮੰਡੀਆਂ ਅਤੇ ਰਾਈਸ ਮਿੱਲਾਂ ਵਿੱਚ ਲੋੜੀਂਦੀ ਥਾਂ ਬਣਾਉਣਾ ਬੇਹੱਦ ਜ਼ਰੂਰੀ ਹੈ।ਮੁੱਖ ਮੰਤਰੀ ਨੇ ਮੰਗ ਕੀਤੀ ਹੈ ਕਿ 1 ਤੋਂ 10 ਅਕਤੂਬਰ ਦਰਮਿਆਨ ਪੰਜਾਬ ਵਿੱਚੋਂ 6 ਲੱਖ ਮੀਟ੍ਰਿਕ ਟਨ ਚੌਲਾਂ ਦੀ ਚੁਕਾਈ ਕੀਤੀ ਜਾਵੇ, ਜਦਕਿ ਪੂਰੇ ਅਕਤੂਬਰ ਦੌਰਾਨ 15 ਲੱਖ ਮੀਟ੍ਰਿਕ ਟਨ ਕਣਕ ਸੂਬੇ ਤੋਂ ਬਾਹਰ ਭੇਜੀ ਜਾਵੇ। ਉਨ੍ਹਾਂ ਮੁਤਾਬਕ ਇਸ ਵੇਲੇ ਵੱਡੀ ਮਾਤਰਾ ਵਿੱਚ ਕਣਕ ਰਾਈਸ ਮਿੱਲਾਂ ਅਤੇ ਮੰਡੀ ਯਾਰਡਾਂ ਵਿੱਚ ਪਈ ਹੋਈ ਹੈ, ਜਿਸ ਕਾਰਨ ਆਉਣ ਵਾਲੇ ਝੋਨੇ ਨੂੰ ਸੰਭਾਲਣ ਲਈ ਜਗ੍ਹਾ ਦੀ ਕਮੀ ਪੈਦਾ ਹੋ ਸਕਦੀ ਹੈ।ਮਾਨ ਨੇ ਪੱਤਰ ਵਿੱਚ ਪਿਛਲੇ ਮਹੀਨੇ ਦੀ ਚੁਕਾਈ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਵੱਲੋਂ ਸਤੰਬਰ ਵਿੱਚ 15 ਲੱਖ ਮੀਟ੍ਰਿਕ ਟਨ ਚੌਲ ਅਤੇ 10 ਤੋਂ 12 ਲੱਖ ਮੀਟ੍ਰਿਕ ਟਨ ਕਣਕ ਚੁੱਕਣ ਦੀ ਮੰਗ ਕੀਤੀ ਗਈ ਸੀ। ਹਾਲਾਂਕਿ 1 ਤੋਂ 29 ਸਤੰਬਰ ਤੱਕ ਸੂਬੇ ਵਿੱਚੋਂ ਕਰੀਬ 8.3 ਲੱਖ ਮੀਟ੍ਰਿਕ ਟਨ ਚੌਲ ਅਤੇ 4.3 ਲੱਖ ਮੀਟ੍ਰਿਕ ਟਨ ਕਣਕ ਹੀ ਬਾਹਰ ਭੇਜੀ ਜਾ ਸਕੀ। ਇਸ ਨਾਲ ਸਟੋਰੇਜ ਦੀ ਸਮੱਸਿਆ ਹੋਰ ਗੰਭੀਰ ਹੋਣ ਦੀ ਚਿੰਤਾ ਵਧੀ ਹੈ।ਇਸ ਤੋਂ ਵੀ ਵੱਡੀ ਚਿੰਤਾ ਪਿਛਲੇ ਸੀਜ਼ਨ ਦੇ ਚੌਲਾਂ ਨੂੰ ਲੈ ਕੇ ਹੈ। ਮੁੱਖ ਮੰਤਰੀ ਅਨੁਸਾਰ 29 ਸਤੰਬਰ ਤੱਕ ਸਾਉਣੀ ਮੰਡੀਕਰਨ ਸੀਜ਼ਨ 2025-26 ਲਈ ਤੈਅ 105.64 ਲੱਖ ਮੀਟ੍ਰਿਕ ਟਨ ਕਸਟਮ ਮਿਲਡ ਰਾਈਸ ਵਿੱਚੋਂ 99.50 ਲੱਖ ਮੀਟ੍ਰਿਕ ਟਨ, ਯਾਨੀ ਲਗਭਗ 94 ਫ਼ੀਸਦੀ ਚੌਲ ਹੀ ਐੱਫ.ਸੀ.ਆਈ. ਨੂੰ ਸੌਂਪੇ ਜਾ ਸਕੇ ਹਨ। ਕਰੀਬ 6 ਲੱਖ ਮੀਟ੍ਰਿਕ ਟਨ ਚੌਲਾਂ ਦੀ ਡਿਲੀਵਰੀ ਅਜੇ ਬਾਕੀ ਦੱਸੀ ਗਈ ਹੈ।ਮਾਨ ਨੇ ਕਿਹਾ ਕਿ ਨਵੇਂ ਸਾਉਣੀ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਅਕਤੂਬਰ ਦੇ ਪਹਿਲੇ ਦਸ ਦਿਨਾਂ ਵਿੱਚ ਝੋਨੇ ਦੀ ਆਮਦ ਤੇਜ਼ ਹੋਣ ਦੀ ਉਮੀਦ ਹੈ। ਅਜਿਹੇ ਵਿੱਚ ਜੇ ਪੁਰਾਣਾ ਚੌਲ ਸਮੇਂ ਸਿਰ ਨਹੀਂ ਚੁੱਕਿਆ ਜਾਂਦਾ ਤਾਂ ਸਟਾਕ ਦੇ ਹਿਸਾਬ-ਕਿਤਾਬ ਤੋਂ ਲੈ ਕੇ ਪੈਡੀ ਅਤੇ ਚੌਲਾਂ ਦੀ ਮਿਲਿੰਗ ਤੱਕ ਕਈ ਪੱਧਰਾਂ ‘ਤੇ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਰਾਈਸ ਮਿੱਲਰਾਂ ਵੱਲੋਂ ਵੀ ਸਟੋਰੇਜ ਅਤੇ ਮਿਲਿੰਗ ਨੂੰ ਲੈ ਕੇ ਚਿੰਤਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ।ਕਣਕ ਦਾ ਮਸਲਾ ਵੀ ਇਸ ਸਾਰੀ ਸਥਿਤੀ ਵਿੱਚ ਅਹਿਮ ਬਣ ਗਿਆ ਹੈ। ਮੁੱਖ ਮੰਤਰੀ ਮੁਤਾਬਕ ਹਾੜ੍ਹੀ ਮੰਡੀਕਰਨ ਸੀਜ਼ਨ 2026-27 ਦੌਰਾਨ ਖਰੀਦੀ ਗਈ ਕਰੀਬ 40 ਲੱਖ ਮੀਟ੍ਰਿਕ ਟਨ ਕਣਕ ਨੂੰ ਅਸਥਾਈ ਤੌਰ ‘ਤੇ ਰਾਈਸ ਮਿੱਲਾਂ ਅਤੇ ਮੰਡੀ ਯਾਰਡਾਂ ਵਿੱਚ ਰੱਖਿਆ ਗਿਆ ਸੀ। ਇਸ ਸਟਾਕ ਨੂੰ ਸਤੰਬਰ ਜਾਂ ਮੱਧ ਅਕਤੂਬਰ ਤੱਕ ਚੁੱਕੇ ਜਾਣ ਦੀ ਉਮੀਦ ਸੀ, ਪਰ ਉਨ੍ਹਾਂ ਅਨੁਸਾਰ ਅਜੇ ਵੀ ਲਗਭਗ 17 ਲੱਖ ਮੀਟ੍ਰਿਕ ਟਨ ਕਣਕ ਇਨ੍ਹਾਂ ਥਾਵਾਂ ‘ਤੇ ਮੌਜੂਦ ਹੈ।ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਕੇਂਦਰ ਕੋਲ ਅਨਾਜ ਦੀ ਤੇਜ਼ੀ ਨਾਲ ਚੁਕਾਈ ਦਾ ਮੁੱਦਾ ਉਠਾਉਂਦੀ ਰਹੀ ਹੈ। ਅਗਸਤ ਵਿੱਚ ਕੇਂਦਰ ਵੱਲੋਂ ਪੰਜਾਬ ਵਿੱਚੋਂ 18 ਲੱਖ ਮੀਟ੍ਰਿਕ ਟਨ ਪੁਰਾਣਾ ਅਨਾਜ ਚੁੱਕਣ ਦਾ ਭਰੋਸਾ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਸੀ। ਇਸ ਦੇ ਨਾਲ ਹੀ ਸਟੋਰੇਜ ਸੰਕਟ ਨੂੰ ਲੈ ਕੇ ਪੰਜਾਬ ਵਿੱਚ ਲਗਾਤਾਰ ਚਿੰਤਾ ਬਣੀ ਹੋਈ ਹੈ, ਕਿਉਂਕਿ ਨਵਾਂ ਝੋਨਾ ਮੰਡੀਆਂ ਵਿੱਚ ਪਹੁੰਚਣਾ ਸ਼ੁਰੂ ਹੋ ਗਿਆ ਹੈ।ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਤੋਂ ਨਿੱਜੀ ਦਖ਼ਲ ਦੀ ਮੰਗ ਕਰਦਿਆਂ ਕਿਹਾ ਹੈ ਕਿ ਖੁਰਾਕ ਤੇ ਜਨਤਕ ਵੰਡ ਵਿਭਾਗ ਅਤੇ ਐੱਫ.ਸੀ.ਆਈ. ਦੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਹਦਾਇਤਾਂ ਜਾਰੀ ਕੀਤੀਆਂ ਜਾਣ। ਉਨ੍ਹਾਂ ਦਾ ਤਰਕ ਹੈ ਕਿ ਸਮੇਂ ਸਿਰ ਚੌਲ ਅਤੇ ਕਣਕ ਦੀ ਚੁਕਾਈ ਨਾਲ ਰਾਈਸ ਮਿੱਲਾਂ ਤੇ ਮੰਡੀ ਯਾਰਡਾਂ ਵਿੱਚ ਥਾਂ ਬਣੇਗੀ, ਜਿਸ ਨਾਲ ਝੋਨੇ ਦੀ ਖਰੀਦ ਅਤੇ ਭੰਡਾਰਨ ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਦਦ ਮਿਲ ਸਕਦੀ ਹੈ। ਇਸ ਵੇਲੇ ਅਸਲ ਧਿਆਨ ਇਸ ਗੱਲ ‘ਤੇ ਹੈ ਕਿ ਝੋਨੇ ਦੀ ਵਧਦੀ ਆਮਦ ਦੇ ਵਿਚਕਾਰ ਭੰਡਾਰਨ ਦੀ ਕਮੀ ਕਿਸਾਨਾਂ ਲਈ ਰੁਕਾਵਟ ਨਾ ਬਣੇ।Read More

Rozana Times

LEAVE A REPLY

Please enter your comment!
Please enter your name here