80 ਹਜ਼ਾਰ ਦਾ ਕਰਜ਼ ਲੈਣ ਪਹੁੰਚੇ ਨੂੰ ਪਤਾ ਲੱਗਿਆ ਕਿ ਉਸਦਾ ਚੱਲਦਾ ਹੈ ਕਰੋੜਾਂ ਦਾ ਵਪਾਰ

ਸੂਬੇ ‘ਚ ਰੋਜਾਨਾਂ ਸ਼ਾਤਿਰ ਠੱਗਾਂ ਵੱਲੋਂ ਮਾਸੂਮ ਲੋਕਾਂ ਨਾਲ ਠੱਗੀਆਂ ਮਾਰਨ ਦੇ ਨਵੇਂ-ਨਵੇਂ ਤਰੀਕੇ ਸਾਹਮਣੇ ਆਉਂਦੇ ਹਨ। ਇਸੇ ਤਰ੍ਹਾਂ ਦੇ ਇੱਕ ਨਟਵਰਲਾਲ ਤੋਂ ਪੀੜ੍ਹਤ, ਸਥਾਨਕ ਵਾਰਡ ਨੰਬਰ 15 ਦੀ ਗਲੀ ਨੰਬਰ 4 ਦੇ ਵਸਨੀਕ ਚੜ੍ਹਤ ਸਿੰਘ ਮਾਨ ਨੇ ਦੱਸਿਆ ਕਿ ਉਹ ਟਰੈਕਟਰ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਜਦੋਂ ਉਹ ਇਨਕਮ ਟੈਕਸ ਰਿਟਰਨ ਬਣਵਾਉਣ ਲਈ ਇੱਕ ਸਾਈਬਰ ਕੈਫੇ ਵਿੱਚ ਪਹੁੰਚਿਆ ਅਤੇ ਇਨਕਮ ਟੈਕਸ ਰਿਟਰਨ ਭਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਸਾਈਬਰ ਕੈਫੇ ਦੇ ਸੰਚਾਲਕ ਨੇ ਦੱਸਿਆ ਕਿ ਤੁਹਾਡੇ ਪੈਨ ਕਾਰਡ ਨਾਲ ਜੀਐੱਸਟੀ ਖਾਤਾ ਲਿੰਕ ਕੀਤਾ ਹੋਇਆ ਹੈ। ਜਿਸ ‘ਚ ਕਈ ਕੰਪਨੀਆਂ ਰਾਹੀਂ ਕਥਿਤ ਤੌਰ ‘ਤੇ ਕਰੀਬ 12 ਕਰੋੜ ਦਾ ਲੈਣ-ਦੇਣ ਹੋਇਆ ਹੈ। ਚੜਤ ਸਿੰਘ ਨੇ ਦੱਸਿਆ ਕਿ ਉਹ ਇਸ ਗੱਲ ਤੋਂ ਪੂਰੀ ਤਰ੍ਹਾਂ ਸਦਮੇ ਵਿੱਚ ਆਉਣ ਉਪਰੰਤ ਕੁਝ ਸਮੇਂ ਬਾਅਦ ਸੰਭਲਿਆ ਤਾਂ ਉਸ ਨੂੰ ਪਤਾ ਲੱਗਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਉਸ ਦਾ ਪੈਨ ਕਾਰਡ ਨੰਬਰ ਚੋਰੀ ਕਰਕੇ ਕੁਝ ਅਣਪਛਾਤੇ ਵਿਅਕਤੀਆਂ ਨੇ ਆਪਣੀਆਂ ਫਰਜ਼ੀ ਕੰਪਨੀਆਂ ਬਣਾ ਕੇ ਕਰੀਬ 12 ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਾਰਡ ਨੰ: 15 ਤੋਂ ਕੌਂਸਲਰ ਰਹਿ ਚੁੱਕੇ ਪਰਮਿੰਦਰ ਸਿੰਘ ਪਾਸ਼ਾ, ਜਿੰਨ੍ਹਾਂ ਦੀ ਪਤਨੀ ਮਨਜੀਤ ਕੌਰ ਪਾਸ਼ਾ ਹੁਣ ਵਾਰਡ ਨੰ: 15 ਦੀ ਮੌਜੂਦਾ ਕੌਂਸਲਰ ਹੈ, ਨੇਂ ਪੀੜਤ ਚੜਤ ਸਿੰਘ ਨੂੰ ਨਾਲ ਲੈ ਕੇ ਅੱਜ ਸਥਾਨਕ ਕੇਂਦਰੀ ਜੀ.ਐਸ.ਟੀ. ਵਿਭਾਗ, ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਅਤੇ ਥਾਣਾ ਸਿਟੀ ਵਿਖੇ ਸ਼ਿਕਾਇਤ ਦਰਜ ਕਰਵਾਈ। ਪਰਮਿੰਦਰ ਸਿੰਘ ਪਾਸ਼ਾ ਨੇ ਰਿਕਾਰਡ ਦੀ ਜਾਂਚ ਕਰਵਾਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਦੁਕਾਨ ਨੰਬਰ 7, ਟੋਡਰ ਮੱਲ ਮਾਰਗ, ਦਿੱਲੀ ਦਾ ਪਤਾ ਲਿਖ ਕੇ ਕੁਝ ਕੰਪਨੀਆਂ ਬਣਾਈਆਂ ਗਈਆਂ ਹਨ। ਸ਼ਿਕਾਇਤ ਦੀ ਪ੍ਰਕਿਰਿਆ ਸ਼ੁਰੂ ਹੁੰਦੇ ਹੀ ਫਰਜ਼ੀ ਕੰਪਨੀਆਂ ਨੇ ਕੁਝ ਜੀ.ਐੱਸ.ਟੀ. ਫਰਮਾਂ ਨੂੰ ਡੀ-ਐਕਟੀਵੇਟ ਕਰਨਾ ਸ਼ੁਰੂ ਕਰ ਦਿੱਤਾ ਸੀ।

See also  CM ਮਾਨ ਅੱਜ ਆਪਣੇ ਕੈਬਨਿਟ ਮੰਤਰੀਆਂ 'ਤੇ ਪਾਰਟੀ ਵਿਧਾਇਕਾਂ ਨਾਲ ਕਰਨਗੇ 'ਚਾਹ ਪਾਰਟੀ' ਮੀਟਿੰਗ

ਕੇਂਦਰੀ ਜੀ.ਐੱਸ.ਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਆਰ.ਕੇ. ਮੀਨਾ ਨੇ ਪੀੜਤ ਚੜਤ ਸਿੰਘ ਦੀ ਸਮੱਸਿਆ ਨੂੰ ਧਿਆਨ ਨਾਲ ਸੁਣਨ ਉਪਰੰਤ ਸਬੰਧਤ ਮਾਮਲੇ ਦੀ ਸ਼ਿਕਾਇਤ ਸੁਣਨਯੋਗ, ਦਫ਼ਤਰਾਂ ਅਤੇ ਅਧਿਕਾਰੀਆਂ ਦੀ ਸੂਚਨਾ ਪੀੜਤ ਧਿਰ ਨੂੰ ਦਿੱਤੀ ਅਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਜਿਸ ਤੋਂ ਬਾਅਦ ਪੀੜਤ ਚੜਤ ਸਿੰਘ ਨੇ ਇਸ ਦੀ ਸ਼ਿਕਾਇਤ ਦਿੱਲੀ ਸਟੇਟ ਕਮਿਸ਼ਨਰ (ਜੀਐਸਟੀ), ਸਹਾਇਕ ਕਮਿਸ਼ਨਰ (ਜੀਐਸਟੀ) ਸਮੇਤ ਸੁਪਰਡੈਂਟ ਜੀਐਸਟੀ ਵਿਭਾਗ ਦਿੱਲੀ ਨੂੰ ਕੀਤੀ ਹੈ।

ਐਸ.ਐਸ.ਪੀ. ਸ਼੍ਰੀ ਮੁਕਤਸਰ ਸਾਹਿਬ ਨੂੰ ਸ਼ਿਕਾਇਤ ਪੱਤਰ ਅਤੇ ਸਬੰਧਤ ਦਸਤਾਵੇਜ਼ ਰਜਿਸਟਰਡ ਡਾਕ ਰਾਹੀਂ ਭੇਜਣ ਉਪਰੰਤ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਚ.ਓ. ਨਵਪ੍ਰੀਤ ਸਿੰਘ ਨੇ ਇਸ ਮਾਮਲੇ ਦੀ ਸੰਵੇਦਨਸ਼ੀਲਤਾ ਅਤੇ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਸ਼ਿਕਾਇਤ ਦਰਜ ਕਰਵਾਈ। ਐੱਸ.ਐੱਚ.ਓ. ਨੇ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਅਤੇ ਹਰ ਪਹਿਲੂ ਤੋਂ ਜਾਂਚ ਕਰਕੇ ਇਸ ਦੀਆਂ ਸਾਰੀਆਂ ਪਰਤਾਂ ਨੂੰ ਸਾਹਮਣੇਂ ਲਿਆਂਦਾ ਜਾਵੇਗਾ, ਤਾਂ ਜੋ ਸਮਾਜ ਅਜਿਹੇ ਮਾਮਲਿਆਂ ਤੋਂ ਸੁਰੱਖਿਅਤ ਰਹਿ ਸਕੇ।