ਚੰਡੀਗੜ੍ਹ –ਭਾਰਤ ਵਿਚ ਈ-ਪਾਸਪੋਰਟ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਹੁਣ ਤੱਕ 80 ਲੱਖ ਈ-ਪਾਸਪੋਰਟ ਭਾਰਤ ਵਿਚ ਜਾਰੀ ਕੀਤੇ ਜਾ ਚੁੱਕੇ ਹਨ। ਇਹ ਪੂਰੀ ਤਰ੍ਹਾਂ ਨਾਲ ਐਡਵਾਂਸ ਸਕਿਓਰਿਟੀ ਫੀਚਰ ਨਾਲ ਲੈਸ ਹੋਵੇਗਾ। ਇਹ ਨਵਾਂ ਈ-ਪਾਸਪੋਰਟ ਪੁਰਾਣੇ ਪਾਸਪੋਰਟ ਨਾਲੋਂ ਕਾਫ਼ੀ ਐਡਵਾਂਸ ਹੈ। ਈ-ਪਾਸਪੋਰਟ ਵਿਚ ਆਰ. ਐੱਫ਼. ਆਈ. ਡੀ. ਚਿੱਪ, ਐਨਕ੍ਰਿਪਟਡ ਬਾਇਓਮੈਟ੍ਰਿਕ ਆਦਿ ਸੁਰੱਖਿਆ ਫੀਚਰ ਹਨ। ਇਸ ਨਾਲ ਇਮੀਗ੍ਰੇਸ਼ਨ ਕਾਊਂਟਰ ’ਤੇ ਵੈਰੀਫਿਕੇਸ਼ਨ ਜਲਦੀ ਹੋ ਜਾਵੇਗੀ। ਨਾਲ ਹੀ ਫਰਜ਼ੀ ਪਾਸਪੋਰਟ ਬਣਾਉਣਾ ਅਸੰਭਵ ਜਿਹਾ ਹੋ ਜਾਵੇਗਾ। ਆਓ ਵਿਸਥਾਰ ਨਾਲ ਪੁਰਾਣੇ ਅਤੇ ਈ-ਪਾਸਪੋਰਟ ਵਿਚ ਅੰਤਰ ਸਮਝਦੇ ਹਾਂ। ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿਚ ਸਾਫ਼ ਕਿਹਾ ਹੈ ਕਿ ਹੁਣ ਤੋਂ ਸਿਰਫ਼ ਈ-ਪਾਸਪੋਰਟ ਹੀ ਜਾਰੀ ਹੋਣਗੇ, ਜਦਕਿ ਪੁਰਾਣੇ ਪਾਸਪੋਰਟ ਭਾਵ ਨਾਨ-ਇਲੈਕਟ੍ਰਾਨਿਕ ਪਾਸਪੋਰਟ ਆਪਣੀ ਐਕਸਪਾਇਰੀ ਮਿਤੀ ਤੱਕ ਜਾਇਜ਼ ਬਣੇ ਰਹਿਣਗੇ। ਨਵੇਂ ਨਿਯਮ ਵਿਚ ਜੇਕਰ ਕਿਸੇ ਨੇ 28 ਮਈ 2025 ਜਾਂ ਉਸ ਤੋਂ ਬਾਅਦ ਨਵਾਂ ਪਾਸਪੋਰਟ ਬਣਵਾਇਆ ਹੈ ਜਾਂ ਪਾਸਪੋਰਟ ਰੀਨਿਊ ਕਰਵਾਇਆ ਹੈ ਤਾਂ ਨਵਾਂ ਪਾਸਪੋਰਟ ਈ-ਪਾਸਪੋਰਟ ਹੋਵੇਗਾ।

ਈ-ਪਾਸਪੋਰਟ ਦੀ ਗੱਲ ਕਰੀਏ ਤਾਂ ਇਹ ਦਿੱਖਣ ਵਿਚ ਪੁਰਾਣੇ ਪਾਸਪੋਰਟ ਵਰਗਾ ਹੀ ਹੋਵੇਗਾ। ਇਸ ਵਿਚ ਵੀ ਪੁਰਾਣੇ ਪਾਸਪੋਰਟ ਦੀ ਤਰ੍ਹਾਂ ਹੀ ਪੰਨੇ ਹੋਣਗੇ। ਈ-ਪਾਸਪੋਰਟ ਦੇ ਕਵਰ ’ਤੇ ਇਕ ਛੋਟੀ ਇਲੈਕਟ੍ਰਾਨਿਕ ਚਿੱਪ ਲੱਗੀ ਹੋਵੇਗੀ। ਚਿੱਪ ਵਿਚ ਪਾਸਪੋਰਟ ਧਾਰਕ ਦਾ ਨਾਮ, ਫੋਟੋ, ਫਿੰਗਰਪ੍ਰਿੰਟ ਅਤੇ ਹੋਰ ਨਿੱਜੀ ਵੇਰਵੇ ਡਿਜੀਟਲ ਤਰੀਕੇ ਨਾਲ ਰੱਖੇ ਜਾਣਗੇ। ਇਹ ਚਿੱਪ ਦੁਨੀਆ ਦੇ ਸਾਰੇ ਏਅਰਪੋਰਟਾਂ ’ਤੇ ਇਕ ਸਕਿੰਟ ਵਿਚ ਮਸ਼ੀਨ ਨਾਲ ਰੀਡ ਕੀਤੀ ਜਾ ਸਕੇਗੀ। ਚਿੱਪ ਵਿਚ ਮੌਜੂਦ ਡਾਟਾ ਵਿਚ ਡਿਜੀਟਲ ਸਾਈਨ ਹੋਵੇਗਾ। ਇਸ ਸਾਈਨ ਨੂੰ ਕਦੇ ਬਦਲਿਆ ਨਹੀਂ ਜਾ ਸਕਦਾ। ਈ-ਪਾਸਪੋਰਟ ਦੇ ਪਿੱਛੇ ਵਿਦੇਸ਼ ਮੰਤਰਾਲੇ ਦਾ ਤਰਕ ਹੈ ਕਿ ਜੇਕਰ ਕੋਈ ਨਕਲੀ ਪਾਸਪੋਰਟ ਬਣਾ ਕੇ ਯਾਤਰਾ ਕਰਨ ਦਾ ਯਤਨ ਕਰੇਗਾ ਤਾਂ ਮਸ਼ੀਨ ਤੁਰੰਤ ਫੜ ਲਵੇਗੀ। ਹਫ਼ੜਾ-ਦਫ਼ੜੀ ਤੋਂ ਬਚਣ ਲਈ ਇਹ ਸੁਵਿਧਾ ਦਿੱਤੀ ਗਈ ਹੈ ਕਿ ਪੁਰਾਣੇ ਪਾਸਪੋਰਟ ਨੂੰ ਤੁਰੰਤ ਬਦਲਣ ਦੀ ਜ਼ਰੂਰਤ ਨਹੀਂ ਹੈ। ਦੇਸ਼ ਵਿਚ ਈ-ਪਾਸਪੋਰਟ ਦੀ ਸੁਵਿਧਾ ਕੁਝ ਸ਼ਹਿਰਾਂ ਵਿਚ ਸ਼ੁਰੂ ਹੋਈ ਸੀ ਪਰ ਹੁਣ ਇਸ ਨੂੰ ਪੂਰੇ ਦੇਸ਼ ਵਿਚ ਲਾਗੂ ਕੀਤਾ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਹੁਣ ਤੱਕ 80 ਲੱਖ ਈ-ਪਾਸਪੋਰਟ ਭਾਰਤ ਵਿਚ ਜਾਰੀ ਕੀਤੇ ਜਾ ਚੁੱਕੇ ਹਨ।