ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਕਣਕ ਠੰਡੇ ਮੌਸਮ ਦੀ ਫ਼ਸਲ ਹੈ ਅਤੇ ਇਸ ਦੀ ਵਧੀਆ ਪੈਦਾਵਾਰ ਲਈ ਦਰਮਿਆਨਾ ਤਾਪਮਾਨ ਲੋੜੀਂਦਾ ਹੁੰਦਾ ਹੈ। ਜਦੋਂ ਫ਼ਸਲ ’ਚ ਦਾਣਾ ਭਰਨ ਦੀ ਪ੍ਰਕਿਰਿਆ ਚੱਲ ਰਹੀ ਹੁੰਦੀ ਹੈ ਅਤੇ ਉਸ ਸਮੇਂ ਤਾਪਮਾਨ ਅਚਾਨਕ ਵੱਧ ਜਾਂਦਾ ਹੈ ਤਾਂ ਦਾਣਾ ਪੂਰੀ ਤਰ੍ਹਾਂ ਨਹੀਂ ਭਰਦਾ। ਇਸ ਕਾਰਨ ਦਾਣਾ ਪਤਲਾ ਅਤੇ ਹਲਕਾ ਰਹਿ ਜਾਂਦਾ ਹੈ, ਜਿਸ ਨਾਲ ਝਾੜ ’ਚ ਵੱਡੀ ਕਮੀ ਆ ਸਕਦੀ ਹੈ। ਮਾਹਿਰਾਂ ਅਨੁਸਾਰ ਅਗੇਤੀ ਬੀਜੀ ਗਈ ਕਣਕ ਇਸ ਵੇਲੇ ਕਾਫ਼ੀ ਅੱਗੇ ਦੀ ਅਵਸਥਾ ’ਚ ਹੈ, ਪਰ ਜੇਕਰ ਗਰਮੀ ਤੇਜ਼ ਹੋ ਗਈ ਤਾਂ ਦਾਣਾ ਜਲਦੀ ਪੱਕ ਕੇ ਛੋਟਾ ਰਹਿ ਸਕਦਾ ਹੈ। ਦੂਜੇ ਪਾਸੇ, ਪਛੇਤੀ ਬੀਜੀ ਗਈ ਕਣਕ ਜ਼ਿਆਦਾ ਖ਼ਤਰੇ ’ਚ ਮੰਨੀ ਜਾਂਦੀ ਹੈ ਕਿਉਂਕਿ ਜਦੋਂ ਇਹ ਦਾਣਾ ਬਣਾਉਣ ਦੇ ਪੜਾਅ ’ਤੇ ਪਹੁੰਚੇਗੀ, ਉਸ ਸਮੇਂ ਤਾਪਮਾਨ ਕਾਫ਼ੀ ਉੱਚਾ ਹੋ ਚੁੱਕਾ ਹੋਵੇਗਾ।
ਵਧਦਾ ਤਾਪਮਾਨ ਸਿਰਫ਼ ਕਣਕ ਹੀ ਨਹੀਂ, ਸਗੋਂ ਸਬਜ਼ੀਆਂ ਅਤੇ ਚਾਰੇ ਵਾਲੀਆਂ ਫ਼ਸਲਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਮਿੱਟੀ ’ਚ ਨਮੀ ਘਟਣ ਨਾਲ ਪੌਦਿਆਂ ’ਤੇ ਦਬਾਅ ਪੈਂਦਾ ਹੈ। ਇਸ ਲਈ ਮਾਹਿਰ ਕਿਸਾਨਾਂ ਨੂੰ ਸਲਾਹ ਦੇ ਰਹੇ ਹਨ ਕਿ ਫ਼ਸਲ ਦੀ ਲੋੜ ਅਨੁਸਾਰ ਹਲਕੀ ਸਿੰਚਾਈ ਜ਼ਰੂਰ ਕਰਨ ਤਾਂ ਜੋ ਪੌਦਿਆਂ ਨੂੰ ਗਰਮੀ ਤੋਂ ਬਚਾਇਆ ਜਾ ਸਕੇ। ਇਸ ਦੇ ਨਾਲ ਹੀ ਖੇਤੀਬਾੜੀ ਵਿਭਾਗ ਨੇ ਕਣਕ ’ਚ ਪੀਲੀ ਕੁੰਗੀ ਦੇ ਸੰਭਾਵੀ ਹਮਲੇ ਨੂੰ ਲੈ ਕੇ ਵੀ ਚੇਤਾਵਨੀ ਜਾਰੀ ਕੀਤੀ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਰਣਧੀਰ ਸਿੰਘ ਠਾਕੁਰ ਨੇ ਦੱਸਿਆ ਕਿ ਪੀਲੀ ਕੁੰਗੀ ਇਕ ਫੰਗਸ ਰੋਗ ਹੈ ਜੋ ਨਮੀ ਵਾਲੇ ਮੌਸਮ ’ਚ ਤੇਜ਼ੀ ਨਾਲ ਫੈਲਦਾ ਹੈ। ਇਸ ਰੋਗ ’ਚ ਪੱਤਿਆਂ ਉੱਤੇ ਪੀਲੇ ਰੰਗ ਦੀਆਂ ਧਾਰੀਆਂ ਜਾਂ ਦਾਗ਼ ਨਜ਼ਰ ਆਉਂਦੇ ਹਨ। ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਪੂਰੀ ਫ਼ਸਲ ਨੂੰ ਤਬਾਹ ਕਰ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤਾਂ ਦੀ ਨਿਯਮਿਤ ਜਾਂਚ ਕਰਨ ਅਤੇ ਪੀਲੇ ਧੱਬੇ ਦਿਖਾਈ ਦੇਣ ’ਤੇ ਤੁਰੰਤ ਮਾਹਿਰਾਂ ਨਾਲ ਸੰਪਰਕ ਕਰਨ। ਖੇਤਾਂ ’ਚ ਬੇਵਜ੍ਹਾ ਨਾਈਟ੍ਰੋਜਨ ਦੀ ਵੱਧ ਵਰਤੋਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਤਾਪਮਾਨ ’ਚ ਵਾਧੇ ਦਾ ਅਸਰ ਆਮ ਲੋਕਾਂ ਦੀ ਸਿਹਤ ’ਤੇ ਵੀ ਪੈ ਸਕਦਾ ਹੈ। ਦਿਨ ਦੌਰਾਨ ਵਧਦੀ ਗਰਮੀ ਕਾਰਨ ਡੀਹਾਈਡਰੇਸ਼ਨ, ਸਿਰਦਰਦ, ਥਕਾਵਟ ਅਤੇ ਬਲੱਡ ਪ੍ਰੈਸ਼ਰ ਵਧਣ ਵਰਗੀਆਂ ਸਮੱਸਿਆਵਾਂ ਸਾਹਮਣੇ ਆ ਸਕਦੀਆਂ ਹਨ। ਡਾਕਟਰਾਂ ਅਨੁਸਾਰ ਬਜ਼ੁਰਗਾਂ, ਬੱਚਿਆਂ ਅਤੇ ਦਿਲ ਦੇ ਮਰੀਜ਼ਾਂ ਨੂੰ ਖ਼ਾਸ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ।