ਬੁੱਧਵਾਰ ਦੁਪਹਿਰ ਇੱਕ ਆਮ ਦਿਨ ਵਾਂਗ ਸ਼ੁਰੂ ਹੋਇਆ ਸੀ, ਪਰ ਕੁਝ ਪਲਾਂ ਵਿੱਚ ਬਾਈਪਾਸ ‘ਤੇ ਹਾਹਾਕਾਰ ਮਚ ਗਿਆ। ਰੇਤ ਨਾਲ ਭਰਿਆ ਟਿੱਪਰ ਜਿਵੇਂ ਹੀ ਡਿਵਾਈਡਰ ‘ਤੇ ਚੜ੍ਹਿਆ, ਦ੍ਰਿਸ਼ ਨੇ ਸਭ ਨੂੰ ਸਹਿਮਾ ਦਿੱਤਾ। ਆਖ਼ਿਰ ਇਹ ਹਾਦਸਾ ਕਿਵੇਂ ਵਾਪਰਿਆ?
ਰੇਤ ਨਾਲ ਭਰਿਆ ਟਿੱਪਰ ਡਿਵਾਈਡਰ ‘ਤੇ ਚੜ੍ਹ ਕੇ ਪਲਟਿਆ, ਤਿੰਨ ਕਾਰਾਂ ਚੱਕਨਾਚੂਰ, ਅੰਮ੍ਰਿਤਸਰ ਦੇ ਵੈਸਟਰਨ ਵਿਲਾ ਬਾਈਪਾਸ ਨੇ ਬੁੱਧਵਾਰ ਦੁਪਹਿਰ ਉਸ ਵੇਲੇ ਦਹਿਲਾ ਦੇਣ ਵਾਲਾ ਮੰਜ਼ਰ ਦੇਖਿਆ, ਜਦੋਂ ਰੇਤ ਨਾਲ ਭਰਿਆ ਇੱਕ ਟਿੱਪਰ ਅਚਾਨਕ ਡਿਵਾਈਡਰ ‘ਤੇ ਚੜ੍ਹ ਕੇ ਪਲਟ ਗਿਆ। ਦਿਨ ਦੇ ਕਰੀਬ 12 ਵਜੇ ਵਾਪਰੇ ਇਸ ਹਾਦਸੇ ਨੇ ਕੁਝ ਹੀ ਪਲਾਂ ਵਿੱਚ ਸੜਕ ‘ਤੇ ਅਫਰਾਤਫਰੀ ਮਚਾ ਦਿੱਤੀ ਅਤੇ ਆਸਪਾਸ ਖੜੀਆਂ ਤੇ ਲੰਘ ਰਹੀਆਂ ਤਿੰਨ ਕਾਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ।
ਮੌਕੇ ‘ਤੇ ਪਹੁੰਚੀ ਪੁਲਿਸ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਏਡੀਸੀਪੀ ਮੈਡਮ ਅਮਨਦੀਪ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੁਪਹਿਰ ਸਮੇਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਾਈਪਾਸ ਕੋਲ ਇੱਕ ਰੇਤ ਭਰਿਆ ਟਿੱਪਰ ਸੰਤੁਲਨ ਗੁਆ ਬੈਠਿਆ ਅਤੇ ਡਿਵਾਈਡਰ ‘ਤੇ ਚੜ੍ਹਣ ਤੋਂ ਬਾਅਦ ਪਲਟ ਗਿਆ। ਟਿੱਪਰ ਦੇ ਪਲਟਦੇ ਹੀ ਨੇੜੇ ਖੜੀਆਂ ਤਿੰਨ ਕਾਰਾਂ ਇਸ ਦੀ ਚਪੇਟ ਵਿੱਚ ਆ ਗਈਆਂ।ਹਾਦਸੇ ਤੋਂ ਬਾਅਦ ਜ਼ਖ਼ਮੀ ਲੋਕਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਅਧਿਕਾਰੀਆਂ ਮੁਤਾਬਕ ਹਾਲੇ ਤੱਕ ਕਿਸੇ ਮੌਤ ਦੀ ਪੁਸ਼ਟੀ ਨਹੀਂ ਹੋਈ, ਜੋ ਕਿ ਇੱਕ ਰਾਹਤ ਦੀ ਗੱਲ ਹੈ। ਜ਼ਖ਼ਮੀਆਂ ਦੀ ਗਿਣਤੀ ਅਤੇ ਹਾਲਤ ਬਾਰੇ ਪੂਰੀ ਜਾਣਕਾਰੀ ਜਾਂਚ ਮਗਰੋਂ ਹੀ ਸਾਂਝੀ ਕੀਤੀ ਜਾਵੇਗੀ।ਇਸ ਦੌਰਾਨ ਟਿੱਪਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਉਸ ਦੀ ਭਾਲ ਜਾਰੀ ਹੈ ਅਤੇ ਵਾਹਨ ਦੇ ਦਸਤਾਵੇਜ਼ਾਂ ਸਮੇਤ ਹਾਦਸੇ ਦੇ ਅਸਲ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮੌਕੇ ‘ਤੇ ਐਸਐਚਓ ਸਮੇਤ ਪੁਲਿਸ ਬਲ ਮੌਜੂਦ ਰਿਹਾ ਅਤੇ ਸਭ ਤੋਂ ਪਹਿਲੀ ਤਰਜੀਹ ਸੜਕ ਨੂੰ ਸਾਫ ਕਰਕੇ ਟ੍ਰੈਫਿਕ ਸੁਚਾਰੂ ਬਣਾਉਣਾ ਰੱਖੀ ਗਈ।ਇਸ ਸਮੇਂ ਆਨੰਦਪੁਰ ਸਾਹਿਬ ਵਿੱਚ ਲੱਗੇ ਮੇਲੇ ਕਾਰਨ ਹਾਈਵੇ ‘ਤੇ ਵਾਹਨਾਂ ਅਤੇ ਸੰਗਤ ਦੀ ਆਵਾਜਾਈ ਕਾਫ਼ੀ ਵਧੀ ਹੋਈ ਹੈ। ਅਜਿਹੇ ਹਾਲਾਤਾਂ ਵਿੱਚ ਪੁਲਿਸ ਲਈ ਟ੍ਰੈਫਿਕ ਨੂੰ ਬਿਨਾਂ ਰੁਕਾਵਟ ਚਲਾਉਣਾ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। ਏਡੀਸੀਪੀ ਨੇ ਕਿਹਾ ਕਿ ਜਿਵੇਂ ਹੀ ਹਸਪਤਾਲ ਵੱਲੋਂ ਪੂਰੀ ਤਸਦੀਕਸ਼ੁਦਾ ਜਾਣਕਾਰੀ ਮਿਲੇਗੀ, ਮੀਡੀਆ ਨੂੰ ਅਗਾਹ ਕਰ ਦਿੱਤਾ ਜਾਵੇਗਾ।
ਫਿਲਹਾਲ ਹਾਦਸੇ ਨੇ ਇੱਕ ਵਾਰ ਫਿਰ ਸੜਕ ਸੁਰੱਖਿਆ ਅਤੇ ਭਾਰੀ ਵਾਹਨਾਂ ਦੀ ਲਾਪਰਵਾਹੀ ਨੂੰ ਲੈ ਕੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਪੁਲਿਸ ਜਾਂਚ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਹੀ ਸਪਸ਼ਟ ਹੋਵੇਗਾ ਕਿ ਇਹ ਹਾਦਸਾ ਲਾਪਰਵਾਹੀ ਦਾ ਨਤੀਜਾ ਸੀ ਜਾਂ ਤਕਨੀਕੀ ਖ਼ਰਾਬੀ ਕਾਰਨ ਵਾਪਰਿਆ।
Location :Amritsar,PunjabRead More















