ਕਪੂਰਥਲਾ – ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਦੋਸ਼ ਲਾਇਆ ਹੈ ਕਿ ਸੂਬੇ ਨੂੰ ‘ਪੁਲਸ ਸਟੇਟ’ ‘ਚ ਤਬਦੀਲ ਕਰ ਦਿੱਤਾ ਗਿਆ ਹੈ। ਖਹਿਰਾ ਨੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਦੇ ਇਕ ਇੰਟਰਵਿਊ ਦਾ ਹਵਾਲਾ ਦਿੰਦੇ ਬਠਿੰਡਾ ਦੀ ਐੱਸ. ਐੱਸ. ਪੀ. ਜਯੋਤੀ ਯਾਦਵ ‘ਤੇ ਕਿਸਾਨਾਂ ਨਾਲ ਬੇਰਹਿਮੀ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ। ਸੁਖਪਾਲ ਖਹਿਰਾ ਨੇ ਕਿਹਾ ਕਿ ਸਰਕਾਰ ਜੋਗਿੰਦਰ ਸਿੰਘ ਉਗਰਾਹਾਂ ਦੀ ਦਿੱਤੀ ਗਈ ਇੰਟਰਵਿਊ ਦੌਰਾਨ ਇਹ ਗੱਲ ਸਹੀ ਸਾਬਤ ਹੁੰਦੀ ਹੈ ਕਿ ਪੰਜਾਬ ਪੁਲਸ ਸਟੇਟ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜੋਗਿੰਦਰ ਸਿੰਘ ਉਗਰਾਹਾਂ ਇੰਟਰਵਿਊ ਵਿਚ ਐੱਸ. ਐੱਸ. ਪੀ. ਬਠਿੰਡਾ ਜੋਤੀ ਯਾਦਵ, ਜੋਕਿ ਮੰਤਰੀ ਹਰਜੋਤ ਬੈਂਸ ਦੀ ਪਤਨੀ ਹਨ, ਵਿਰੁੱਧ ਸਿੱਧੇ ਦੋਸ਼ ਲਗਾ ਰਹੇ ਹਨ ਅਤੇ ਉਸ ਨੂੰ “ਸ਼ੈਤਾਨ ਡਾਕੂ ਔਰਤ” ਕਹਿ ਰਹੇ ਹਨ।

ਖਹਿਰਾ ਨੇ ਕਿਹਾ ਕਿ ਜੋਗਿੰਦਰ ਸਿੰਘ ਉਗਰਾਹਾਂ ਨੇ ਐੱਸ. ਐੱਸ. ਪੀ. ਬਠਿੰਡਾ ‘ਤੇ ਸਿੱਧੇ ਦੋਸ਼ ਲਾਏ ਹਨ ਕਿ ਉਹ ਕਿਸਾਨਾਂ ਨਾਲ ਨਫ਼ਰਤ ਕਰਦੀ ਹੈ। ਦੋਸ਼ਾਂ ਮੁਤਾਬਕ ਐੱਸ. ਐੱਸ. ਪੀ. ਦੇ ਨਿਰਦੇਸ਼ਾਂ ‘ਤੇ ਹੀ ‘ਪੀਲਾ ਪਰਨਾ’ ਬੰਨ੍ਹਣ ਵਾਲੇ ਕਿਸਾਨ ਚਰਨਜੀਤ ਸਿੰਘ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ। ਖਹਿਰਾ ਨੇ ਐੱਸ. ਐੱਸ. ਪੀ. ਬਾਰੇ ਉਗਰਾਹਾਂ ਵੱਲੋਂ ਵਰਤੇ ਗਏ ਸਖ਼ਤ ਸ਼ਬਦਾਂ ਦਾ ਵੀ ਜ਼ਿਕਰ ਕੀਤਾ। ਖਹਿਰਾ ਨੇ ਅੱਗੇ ਕਿਹਾ ਕਿ ਬਠਿੰਡਾ ਵਿੱਚ ਕਿਸਾਨਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਵਿਰੁੱਧ ਲਾਠੀਚਾਰਜ, ਅੱਥਰੂ ਗੈਸ ਅਤੇ ਬੇਰਹਿਮ ਤਾਕਤ ਦੀ ਵਰਤੋਂ ਕੀਤੀ ਗਈ, ਜਿਵੇਂ ਕਿ ਉਹ ਕਿਸਾਨ ਨਾ ਹੋ ਕੇ ਕੋਈ ਅਪਰਾਧੀ ਹੋਣ। ਸੁਖਪਾਲ ਖਹਿਰਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਵਰਦੀ ਵਿੱਚ ਮੌਜੂਦ ਅਜਿਹੇ ਕਥਿਤ ‘ਅਪਰਾਧੀਆਂ’ ਵਿਰੁੱਧ ਸੋ-ਮੋਟੋ ਲੈਣ ਤਾਂ ਜੋ ਕਿਸਾਨਾਂ ਨੂੰ ਇਨਸਾਫ਼ ਮਿਲ ਸਕੇ।