ਪਟਿਆਲਾ: ਬਹੁ-ਕਰੋੜੀ ਡਰੱਗ ਰੈਕੇਟ ਮਾਮਲੇ ਦੀ ਮੁੜ ਜਾਂਚ ਲਈ ਗਠਿਤ ਕੀਤੀ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਅੱਜ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸੰਮਨ ਜਾਰੀ ਹੋਏ ਹਨ। ਬਿਕਰਮ ਸਿੰਘ ਮਜੀਠੀਆ ਨੂੰ ਦੋਬਾਰਾ ਜਾਂਚ ‘ਚ ਸ਼ਾਮਲ ਹੋਣ ਲਈ 27 ਦਸੰਬਰ ਨੂੰ ਪਟਿਆਲਾ ਵਿਖੇ ਦਫ਼ਤਰ ‘ਚ ਬੁਲਾਇਆ ਗਿਆ ਹੈ। ਇਸ ਤੋਂ ਪਹਿਲਾ ਬੀਤੇ ਕੱਲ ਬਿਕਰਮ ਸਿੰਘ ਮਜੀਠੀਆ ਤੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਲਗਭਗ 7 ਘੰਟੇ ਪੁੱਛਗਿਛ ਕੀਤੀ ਸੀ।
ਜਦੋਂ ਮਜੀਠੀਆ 7 ਘੰਟੇ ਦੀ ਪੁੱਛਗਿਛ ਤੋਂ ਬਾਅਦ ਬਾਹਰ ਆਏ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਇਸ ਕੇਸ ’ਚ ਉਨ੍ਹਾਂ ਦੀ ਜ਼ਮਾਨਤ ਦੇ ਸਮੇਂ ਜਿਹੜਾ ਨੋਟ ਦਿੱਤਾ ਸੀ, ਜਿਸ ’ਚ ਸਾਰੇ ਪਹਿਲੂ ਸਪੱਸ਼ਟ ਕੀਤੇ ਹੋਏ ਹਨ। ਇਸ ਤੋਂ ਬਾਹਰ ਐੱਸ.ਆਈ.ਟੀ. ਉਨ੍ਹਾਂ ਤੋਂ ਕੀ ਪੁੱਛੇਗੀ। ਜਿਹੜੇ ਕੇਸ ’ਚ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ, ਕੇਸ ਦਾ ਨਿਪਟਾਰਾ ਹੋ ਚੁੱਕਿਆ ਹੋਵੇ, ਮਾਨਯੋਗ ਅਦਾਲਤ ਨੇ ਜਿਹੜੇ ਦੋਸ਼ੀ ਸਨ, ਨੂੰ ਸਜ਼ਾ ਸੁਣਾ ਦਿੱਤੀ ਹੋਵੇ ਤੇ ਜਿਹੜੇ ਨਿਰਦੋਸ਼ ਸਨ, ਨੂੰ ਬਰੀ ਕਰ ਦਿੱਤਾ ਹੋਵੇ ਤਾਂ ਆਖਿਰ ਫਿਰ ਕੇਸ ਦੀ ਅਹਿਮੀਅਤ ਕੀ ਰਹਿ ਜਾਂਦੀ ਹੈ।