ਬਾਦਲਾਂ ਵੱਲੋਂ ਅਕਾਲ ਤਖ਼ਤ ਦੇ ਫੈਸਲਿਆਂ ਦਾ ਦੋਸ਼ BJP ‘ਤੇ ਮੜ੍ਹਣਾ ਨੈਤਿਕ ਪਤਨ ਦੀ ਨਿਸ਼ਾਨੀ: ਪ੍ਰੋ. ਸਰਚੰਦ ਸਿੰਘ ਖਿਆਲਾ |

Last Updated:

ਉਨ੍ਹਾਂ ਗਿਆਨੀ ਰਘਬੀਰ ਸਿੰਘ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਨੂੰ ਇਹ ਕਹਿਣ ਲਈ ਦਬਾਅ ਪਾਇਆ ਗਿਆ ਕਿ 2 ਦਸੰਬਰ ਦੇ ਫੈਸਲੇ ਭਾਜਪਾ ਜਾਂ ਆਰ.ਐਸ.ਐਸ. ਦੇ ਕਹਿਣ ‘ਤੇ ਕੀਤੇ ਗਏ ਸਨ, ਤਾਂ ਇਹ ਸਿਰਫ਼ ਰਾਜਨੀਤਿਕ ਬੇਈਮਾਨੀ ਨਹੀਂ, ਸਗੋਂ ਨੈਤਿਕ ਪਤਨ ਦਾ ਸਪਸ਼ਟ ਪ੍ਰਮਾਣ ਹੈ।

ਅੰਮ੍ਰਿਤਸਰ  – ਪੰਜਾਬ ਭਾਜਪਾ ਦੇ ਪ੍ਰਵਕਤਾ ਪ੍ਰੋ. ਸਰਚੰਦ ਸਿੰਘ ਖਿਆਲਾ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੂਰਵ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਕੀਤੇ ਤਾਜ਼ਾ ਖੁਲਾਸਿਆਂ ‘ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਇਸ ਮਾਮਲੇ ਨੂੰ ਪੰਥਕ ਮਰਯਾਦਾ ਅਤੇ ਸੰਸਥਾਵਾਂ ਦੀ ਸਵਾਇੱਤਾ ਲਈ ਚਿੰਤਾਜਨਕ ਕਰਾਰ ਦਿੱਤਾ।

ਪ੍ਰੋ. ਖਿਆਲਾ ਨੇ ਕਿਹਾ ਕਿ ਜੇ 2 ਦਸੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤੀ ਕਾਰਵਾਈ ਨੂੰ “ਭਾਜਪਾ ਵੱਲੋਂ ਡਿਜ਼ਾਈਨ ਕੀਤਾ ਗਿਆ” ਦੱਸਣ ਲਈ ਸਿੰਘ ਸਾਹਿਬਾਨ ‘ਤੇ ਕਿਸੇ ਤਰ੍ਹਾਂ ਦਾ ਦਬਾਅ ਬਣਾਇਆ ਗਿਆ ਹੈ, ਤਾਂ ਇਹ ਪੰਥਕ ਸੰਸਥਾਵਾਂ ਦੀ ਧਾਰਮਿਕ ਅਤੇ ਸੰਵਿਧਾਨਕ ਸਵਾਇੱਤਾ ‘ਤੇ ਸਿੱਧਾ ਹਮਲਾ ਹੈ।

ਉਨ੍ਹਾਂ ਗਿਆਨੀ ਰਘਬੀਰ ਸਿੰਘ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਨੂੰ ਇਹ ਕਹਿਣ ਲਈ ਦਬਾਅ ਪਾਇਆ ਗਿਆ ਕਿ 2 ਦਸੰਬਰ ਦੇ ਫੈਸਲੇ ਭਾਜਪਾ ਜਾਂ ਆਰ.ਐਸ.ਐਸ. ਦੇ ਕਹਿਣ ‘ਤੇ ਕੀਤੇ ਗਏ ਸਨ, ਤਾਂ ਇਹ ਸਿਰਫ਼ ਰਾਜਨੀਤਿਕ ਬੇਈਮਾਨੀ ਨਹੀਂ, ਸਗੋਂ ਨੈਤਿਕ ਪਤਨ ਦਾ ਸਪਸ਼ਟ ਪ੍ਰਮਾਣ ਹੈ।

ਪ੍ਰੋ. ਖਿਆਲਾ ਨੇ ਯਾਦ ਕਰਵਾਇਆ ਕਿ 2 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਤੋਂ ਖੁਦ ਸਿੰਘ ਸਾਹਿਬਾਨ ਵੱਲੋਂ ਕਿਹਾ ਗਿਆ ਸੀ ਕਿ ਫੈਸਲੇ ਕਿਸੇ ਰਾਜਨੀਤਿਕ ਦਬਾਅ ਹੇਠ ਨਹੀਂ, ਸਗੋਂ ਗੁਰਮਤ ਦੀ ਰੌਸ਼ਨੀ ਵਿੱਚ ਸਰਵਸੰਮਤੀ ਨਾਲ ਲਏ ਗਏ ਹਨ। ਬਾਅਦ ਵਿੱਚ ਉਹਨਾਂ ਫੈਸਲਿਆਂ ਦਾ ਦੋਸ਼ ਭਾਜਪਾ ਜਾਂ ਆਰ.ਐਸ.ਐਸ. ‘ਤੇ ਮੜ੍ਹਣਾ ਅਕਾਲ ਤਖ਼ਤ ਸਾਹਿਬ ਦੀ ਸਰਵੋਚਤਾ ਨੂੰ ਘਟੀਆ ਰਾਜਨੀਤੀ ਵਿੱਚ ਘਸੀਟਣ ਦੇ ਬਰਾਬਰ ਹੈ।

See also  ਭਾਈ ਅਮ੍ਰਿਤਪਾਲ ਸਿੰਘ ਦਾ ਪੁਤਲਾ ਫੂਕਣ ਆਏ ਸ਼ਿਵ ਸੈਨਿਕਾਂ ਨੂੰ ਪੁਲੀਸ ਨੇ ਲਿਆ ਹਿਰਾਸਤ ਵਿੱਚ

ਉਨ੍ਹਾਂ ਕਿਹਾ ਕਿ ਆਪਣੇ ਪੁਰਾਣੇ ਸਾਥੀ ਭਾਜਪਾ ‘ਤੇ ਬਿਨਾ ਆਧਾਰ ਦੋਸ਼ ਲਗਾ ਕੇ ਸੁਖਬੀਰ ਸਿੰਘ ਬਾਦਲ ਨੇ ਵਿਸ਼ਵਾਸ ਨੂੰ ਢਾਹਿਆ ਹੈ ਅਤੇ ਉਨ੍ਹਾਂ ਨੂੰ ਜਨਤਕ ਤੌਰ ‘ਤੇ ਮਾਫ਼ੀ ਮੰਗਣੀ ਚਾਹੀਦੀ ਹੈ।

ਪ੍ਰੋ. ਸਰਚੰਦ ਸਿੰਘ ਖਿਆਲਾ ਨੇ ਕਿਹਾ ਕਿ ਪੰਥਕ ਅਹੁਦਿਆਂ ਦੀ ਮਰਯਾਦਾ, ਜਥੇਦਾਰਾਂ ਦੀ ਇੱਜ਼ਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਵਾਇੱਤਾ ਕਿਸੇ ਵੀ ਰਾਜਨੀਤਿਕ ਅਹੰਕਾਰ ਤੋਂ ਉੱਚੀ ਹੈ। ਜੋ ਤਾਕਤਾਂ ਇਨ੍ਹਾਂ ਸੰਸਥਾਵਾਂ ਨੂੰ ਰਾਜਨੀਤਿਕ ਢਾਲ ਵਜੋਂ ਵਰਤਣਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਸੰਗਤ ਕਦੇ ਮਾਫ਼ ਨਹੀਂ ਕਰੇਗੀ। ਉਨ੍ਹਾਂ ਅੰਤ ਵਿੱਚ ਕਿਹਾ ਕਿ ਪੰਥ ਅਤੇ ਇਤਿਹਾਸ ਦੇ ਦਰਬਾਰ ਵਿੱਚ ਅਖ਼ੀਰਕਾਰ ਸੱਚ ਦੀ ਹੀ ਜਿੱਤ ਹੁੰਦੀ ਹੈ।

Source link