ਪੰਜਾਬ ਪੁਲਿਸ ਵੱਲੋਂ ਬੰਬੀਹਾ ਗਰੁੱਪ ਦੇ ਦੋ ਗੁਰਗੇ ਕਾਬੂ; ਚਾਰ ਪਿਸਤੌਲ ਬਰਾਮਦ

ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
ਗ੍ਰਿਫ਼ਤਾਰ ਮੁਲਜ਼ਮ ਅਵਤਾਰ ਗੋਰਾ 2014 ਦੇ ਜੈਤੂ ਦੋਹਰੇ ਕਤਲ ਕਾਂਡ ਵਿੱਚ ਵੀ ਸੀ ਲੋੜੀਂਦਾ: ਡੀਜੀਪੀ ਗੌਰਵ ਯਾਦਵ 
ਮੁਲਜ਼ਮ ਬੰਬੀਹਾ ਗੈਂਗ ਦੇ ਮੈਂਬਰਾਂ ਨੂੰ ਲੌਜਿਸਟਿਕ ਸਹਾਇਤਾ, ਛੁਪਣਗਾਹਾਂ ਅਤੇ ਹਥਿਆਰ ਮੁਹੱਈਆ ਕਰਨ ਵਿੱਚ ਸਨ ਸ਼ਾਮਲ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਦੇ ਚਲਦਿਆਂ ਐਂਟੀ-ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਐਸ.ਏ.ਐਸ.ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਬੰਬੀਹਾ ਗੈਂਗ ਦੇ ਦੋ ਗੁਰਗਿਆਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।  ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਵਤਾਰ ਸਿੰਘ ਉਰਫ਼ ਗੋਰਾ ਵਾਸੀ ਪਿੰਡ ਸੇਵੇ ਵਾਲਾ, ਫਰੀਦਕੋਟ ਅਤੇ ਅਜੈ ਕੁਮਾਰ ਉਰਫ਼ ਪ੍ਰੀਤ ਪੰਡਿਤ ਵਾਸੀ ਪਿੰਡ ਗਦਾਪੁਰ, ਪਟਿਆਲਾ ਵਜੋਂ ਹੋਈ ਹੈ। ਪੁਲਿਸ ਟੀਮਾਂ ਵੱਲੋਂ ਇਨ੍ਹਾਂ ਦੇ ਕਬਜ਼ੇ ‘ਚੋਂ ਚਾਰ ਪਿਸਤੌਲਾਂ — ਤਿੰਨ .32 ਬੋਰ ਪਿਸਤੌਲ ਅਤੇ ਇੱਕ .30 ਬੋਰ ਪਿਸਤੌਲ — ਸਮੇਤ ਛੇ ਮੈਗਜ਼ੀਨਾਂ ਅਤੇ 16 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਯੋਗ ਸੂਚਨਾਵਾਂ ‘ਤੇ ਕਾਰਵਾਈ ਕਰਦਿਆਂ ਏ.ਡੀ.ਜੀ.ਪੀ. ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਏ.ਜੀ.ਟੀ.ਐਫ ਦੀ ਟੀਮ, ਜਿਸ ਦੀ ਅਗਵਾਈ ਏਆਈਜੀ ਏਜੀਟੀਐਫ ਸੰਦੀਪ ਗੋਇਲ ਕਰ ਰਹੇ ਸਨ, ਨੇ ਐਸ.ਏ.ਐਸ.ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਦੋਨਾਂ ਮੁਲਜ਼ਮਾਂ ਨੂੰ ਪੁਰਾਣੀ ਅੰਬਾਲਾ-ਕਾਲਕਾ ਰੋਡ, ਢਕੋਲੀ ਤੋਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਆਪਣੇ ਮੋਟਰਸਾਈਕਲ ‘ਤੇ ਜਾ ਰਹੇ ਸਨ। ਇਸ ਆਪ੍ਰੇਸ਼ਨ ਵਿੱਚ ਡੀਐਸਪੀ ਏਜੀਟੀਐਫ ਬਿਕਰਮ ਸਿੰਘ ਬਰਾੜ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਅਵਤਾਰ ਗੋਰਾ, ਜੋ ਕਿ ਗੈਂਗਸਟਰ ਗੁਰਬਖਸ਼ ਸੇਵੇਵਾਲ ਦਾ ਨਜ਼ਦੀਕੀ ਸਾਥੀ ਹੈ, 2014 ਵਿੱਚ ਜੈਤੂ ਵਿਖੇ ਵਾਪਰੇ ਸਨਸਨੀਖੇਜ਼ ਦੋਹਰੇ ਕਤਲ ਕਾਂਡ ਸਮੇਤ ਦੋ ਅਪਰਾਧਿਕ ਮਾਮਲਿਆਂ ਵਿੱਚ ਭਗੌੜਾ ਸੀ।
ਮੁੱਢਲੀ ਜਾਂਚ ਬਾਰੇ ਹੋਰ ਵੇਰਵੇ ਦਿੰਦਿਆਂ ਏਆਈਜੀ ਏਜੀਟੀਐਫ ਸੰਦੀਪ ਗੋਇਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਬੰਬੀਹਾ ਗਰੋਹ ਦੇ ਮੈਂਬਰਾਂ ਨੂੰ ਲੌਜਿਸਟਿਕਸ ਸਹਾਇਤਾ, ਛੁਪਣਗਾਹਾਂ ਅਤੇ ਹਥਿਆਰ ਮੁਹੱਈਆ ਕਰਵਾਉਣ ਵਿੱਚ ਸ਼ਾਮਲ ਸਨ ਅਤੇ ਸੂਬੇ ਵਿੱਚ ਸਨਸਨੀਖੇਜ਼ ਅਪਰਾਧ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਬੰਬੀਹਾ ਗਰੁੱਪ ਵੱਲੋਂ ਕੀਤੇ ਗਏ ਅਪਰਾਧਾਂ ਬਾਰੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਅਤੇ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਐਫਆਈਆਰ ਨੰ. 79 ਮਿਤੀ 3/10/2023 ਨੂੰ ਥਾਣਾ ਢਕੋਲੀ, ਐਸ.ਏ.ਐਸ.ਨਗਰ ਵਿਖੇ ਅਸਲਾ ਐਕਟ ਦੀ ਧਾਰਾ 25(6)(7) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

 

See also  ਪੰਜਾਬ ਸਰਕਾਰ ਨੇ ਮਾਘੀ ਮੇਲੇ ਦੌਰਾਨ ਘੋੜਿਆਂ ਸਬੰਧੀ ਗਤੀਵਿਧੀਆਂ ਨੂੰ ਦਿੱਤੀ ਪ੍ਰਵਾਨਗੀ