ਪੰਜਾਬ ਦਾ ਮਾਣ ਬਾਬਾ ਖੜਕ ਸਿੰਘ ਜੀ

ਅੰਗਰੇਜ਼ੀ ਰਾਜ ਸਮੇਂ ਗੁਰੂਦੁਆਰਿਆਂ ਨੂੰ ਅਜ਼ਾਦ ਕਰਵਾਉਣ ਵਾਲੇ ਅਕਾਲੀ ਬਾਬਾ ਖੜਕ ਸਿੰਘ ਜੀ ਨੇ ਜੇਲ ਵਿੱਚ ਕੱਪੜੇ ਵੀ ਨਹੀਂ ਪਾਏ ਜਿੰਨਾ ਚਿਰ ਉਨਾਂ ਨੂੰ ਦਸਤਾਰ ਸਜਾਉਣ ਦੀ ਆਗਿਆ ਨਹੀਂ ਮਿਲੀ। ਤੇੜ ਕਛਹਿਰੇ ਨਾਲ 5 ਸਾਲ ਕੈਦ ਕੱਟੀ। ਬਾਬਾ ਜੀ ਦਾ ਕਹਿਣਾ ਸੀ ਕਿ ਦਸਤਾਰ ਬਿਨਾਂ ਸਿੱਖ ਦਾ ਪਹਿਰਾਵਾ ਅਧੂਰਾ ਹੈ ਮੈਂ ਨੰਗੇ ਸਿਰ ਆਪਣੇ ਆਪ ਨੂੰ ਨੰਗਾ ਸਮਝਦਾ ਹਾਂ।

ਬਾਬਾ ਖੜਕ ਸਿੰਘ

ਬਾਬਾ ਖੜਕ ਸਿੰਘ ਦਾ ਜਨਮ ਛੇ ਜੂਨ 1868 ਨੂੰ ਸਿਆਲਕੋਟ ਵਿੱਚ ਰਾਏ ਬਹਾਦਰ ਹਰੀ ਸਿੰਘ ਦੇ ਘਰ ਹੋਇਆ, ਜੋ ਬ੍ਰਿਟਿਸ਼ ਗੌਰਮਿੰਟ ਵਿੱਚ ਉਚ ਅਧਿਕਾਰੀ ਸਨ। ਬੀ ਏ ਦੀ ਡਿਗਰੀ ਕਰਨ ਮਗਰੋਂ ਐਲ ਐਲ ਬੀ ਪਾਸ ਕਰਕੇ ਬਾਬਾ ਜੀ ਵਕੀਲ ਬਣ ਗਏ। ਉਹ ਮੁੱਢ ਤੋਂ ਹੀ ਆਜ਼ਾਦੀ ਦੇ ਆਸ਼ਿਕ ਤੇ ਗੁਲਾਮੀ ਦੇ ਕੱਟੜ ਵੈਰੀ ਸਨ। ਭਾਵੇਂ ਹੋਣਹਾਰ ਤੇ ਪੰਥ ਵਿੱਚ ਹਰਮਨ ਭਾਉਂਦਾ ਦੇਖ ਕੇ ਸਰਕਾਰ ਨੇ ਉਨ੍ਹਾਂ ਨੂੰ ਜੁਡੀਸ਼ਲ ਅਹੁਦੇ ਦੀ ਪੇਸ਼ ਕੀਤੇ, ਪਰ ਉਹ ਨੌਕਰੀ ਕਰਨ ਤੋਂ ਇਨਕਾਰੀ ਰਹੇ ਅਤੇ ਆਜ਼ਾਦ ਰਹਿ ਕੇ ਪ੍ਰੈਕਟਿਸ ਕਰਨਾ ਠੀਕ ਸਮਝਿਆ।
ਨੋਟ ਕਰਨ ਦੀ ਗੱਲ ਹੈ ਕਿ ਬਾਬਾ ਖੜਕ ਸਿੰਘ ਦੇ ਆਗਮਨ ਤੋਂ ਪਹਿਲਾਂ ਜੇ ਸਿੱਖਾਂ ਦੀ ਕੋਈ ਹਰਮਨ ਪਿਆਰੀ ਸੰਸਥਾ ਸੀ ਤਾਂ ਉਹ ‘ਸਿੱਖ ਐਜੂਕੇਸ਼ਨਲ ਕਾਨਫਰੰਸ’ ਸੀ, ਜਿਸ ਵਿੱਚ ਸਿੱਖ ਕੌਮ ਦੇ ਵਿਦਵਾਨ ਹਰ ਸਾਲ ਇਕੱਠੇ ਹੁੰਦੇ ਤੇ ਵਿੱਦਿਆ ਬਾਰੇ ਸੋਚ ਵਿਚਾਰ ਕਰਦੇ। ਇਸ ਸੰਸਥਾ ਨੇ ਸਿੱਖਾਂ ਵਿੱਚ ਵਿੱਦਿਆ ਦੇ ਵਿਕਾਸ ਤੇ ਪ੍ਰਵਾਸ ਵਿੱਚ ਵੱਡਾ ਯੋਗਦਾਨ ਪਾਇਆ, ਜਿਸ ਸਦਕਾ ਸਿੱਖ ਵਿੱਦਿਅਕ ਸੰਸਥਾਵਾਂ ਹੋਂਦ ਵਿੱਚ ਆਈਆਂ। ‘ਸਿੱਖ ਐਜੂਕੇਸ਼ਨਲ ਕਾਨਫਰੰਸ’ ਦਾ ਪੰਜਵਾਂ ਸੈਸ਼ਨ ਸਿਆਲਕੋਟ ਵਿੱਚ ਹੋਇਆ। ਇਸ ਵਿੱਚ ਸਰਦਾਰ ਖੜਕ ਸਿੰਘ ਨੂੰ ਸੁਆਗਤ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਓਥੇ ਬਾਬਾ ਖੜਕ ਸਿੰਘ ਵੱਲੋਂ ਦਿੱਤੇ ਗਏ ਭਾਸ਼ਣ ਨੂੰ ਸਿੱਖਾਂ ਨੇ ਬਹੁਤ ਪਸੰਦ ਕੀਤਾ। ਕਾਨਫਰੰਸ ਦਾ ਨੌਵਾਂ ਸਮਾਗਮ ਤਰਨ ਤਾਰਨ ਵਿੱਚ ਹੋਇਆ, ਜਿਥੇ ਉਨ੍ਹਾਂ ਨੂੰ ਪੰਥ ਨੇ ਪ੍ਰਧਾਨ ਥਾਪਿਆ। ਸੰਨ 1920 ਵਿੱਚ ਸਿੱਖ ਲੀਗ ਦੇ ਸੈਸ਼ਨ ਦਾ ਪ੍ਰਧਾਨ ਵੀ ਬਾਬਾ ਜੀ ਨੂੰ ਮੰਨਿਆ ਗਿਆ। ਓਦੋਂ ਲਾਹੌਰ ਵਿੱਚ ਉਨ੍ਹਾਂ ਨੇ ਨਾ-ਮਿਲਵਰਤਨ ਅੰਦੋਲਨ ਦੇ ਹਰ ਪੱਖ ਉਤੇ ਚਾਨਣ ਪਾਇਆ। ਇਸ ਦੇ ਅਸਰ ਹੇਠ ਪੰਥ ਨੇ ਬਹੁਮਤ ਨਾਲ ਅੰਦੋਲਨ ਦਾ ਮਤਾ ਪਾਸ ਕਰ ਦਿੱਤਾ। ਇਸ ਵਿੱਚ ਮਹਾਤਮਾ ਗਾਂਧੀ, ਮੌਲਾਨਾ ਕਲਾਮ ਆਜ਼ਾਦ ਅਤੇ ਮੌਲਾਨਾ ਸ਼ੌਕਤ ਅਲੀ ਵਰਗੇ ਪ੍ਰਸਿੱਧ ਆਗੂਆਂ ਨੇ ਸ਼ਮੂਲੀਅਤ ਕੀਤੀ।

See also  ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਸੇਵਾਵਾਂ/ਪੀਸੀਐਸ (ਪ੍ਰੀ)- 2024 ਪ੍ਰੀਖਿਆ ਦੇ ਸੰਯੁਕਤ ਕੋਚਿੰਗ ਕੋਰਸ ਲਈ ਲਈ ਅਰਜ਼ੀਆਂ ਦੀ ਮੰਗ: ਡਾ. ਬਲਜੀਤ ਕੌਰ

ਜਦ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤਾਂ ਸਿੱਖਾਂ ਨੇ ਉਨ੍ਹਾਂ ਨੂੰ ਇਸ ਦਾ ਜਥੇਦਾਰ ਬਾਬਾ ਜੀ ਨੂੰ ਥਾਪਿਆ। ਸਿੱਖ ਕੌਮ ਉਤੇ ਬੜੇ ਕਰੜੇ ਵੇਲੇ ਆਏ, ਪਰ ਉਨ੍ਹਾਂ ਦੀ ਦਲੇਰੀ ਤੇ ਲਿਆਕਤ ਨਾਲ ਸਿੱਖਾਂ ਨੂੰ ਨਿਮਰਤਾ ਵਿੱਚ ਵੀ ਜਿੱਤ ਪ੍ਰਾਪਤ ਹੁੰਦੀ ਰਹੀ। ਸ਼ੋ੍ਰਮਣੀ ਕਮੇਟੀ ਦੀ ਜਥੇਦਾਰੀ ਐਨੀ ਵੱਡੀ ਜ਼ਿੰਮੇਵਾਰੀ ਸੀ ਕਿ ਬਾਬਾ ਖੜਕ ਸਿੰਘ ਪਿੱਛੋਂ ਇਹ ਮਹਿਤਾਬ ਸਿੰਘ ਨੂੰ ਪੇਸ਼ ਹੋਈ ਤਾਂ ਉਨ੍ਹਾਂ ਮਨ੍ਹਾਂ ਕਰ ਕੇ ਕਿਹਾ ਕਿ ਉਹ ਇਸ ਦੇ ਅਸਮਰੱਥ ਹਨ, ਪਰ ਸੰਗਤ ਦੇ ਜ਼ੋਰ ਦੇਣ ਉੱਤੇ ਮਹਿਤਾਬ ਸਿੰਘ ਨੇ ਇਹ ਪਦਵੀ ਸਵੀਕਾਰ ਕਰ ਲਈ। ਸਿੱਖ ਕੌਮ ਦੀ ਖੁਸ਼ਕਿਸਮਤੀ ਸੀ ਕਿ ਬਾਬਾ ਖੜਕ ਸਿੰਘ ਤੇ ਮਹਿਤਾਬ ਸਿੰਘ ਦੀ ਜੋੜੀ ਨੇ ਸਿੱਖ ਕੌਮ ਦੀ ਡਾਵਾਂਡੋਲ ਬੇੜੀ ਨੂੰ ਸਿਆਣਪ ਨਾਲ ਪਾਰ ਲਾਇਆ।
ਅਜੇ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਬਣਿਆਂ ਉਨ੍ਹਾਂ ਨੂੰ ਥੋੜ੍ਹਾ ਚਿਰ ਹੀ ਹੋਇਆ ਸੀ ਕਿ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਚਾਬੀਆਂ ਦਾ ਝਗੜਾ ਖੜਾ ਕਰ ਦਿੱਤਾ। ਜਦ ਵਿਰੋਧ ਲਈ ਦੀਵਾਨ ਹੋਏ ਤਾਂ ਉਨ੍ਹਾਂ ਨੂੰ ਗੈਰ-ਕਾਨੂੰਨੀ ਕਰਾਰ ਦੇ ਕੇ ਸਰਕਾਰ ਦੇ ਪਾਜ ਖੋਲ੍ਹਣ ਵਾਲੇ ਸੂਰਮਿਆਂ ਨੂੰ ਜੇਲ੍ਹਾਂ ਵਿੱਚ ਡੱਕਣਾ ਸ਼ੁਰੂ ਕਰ ਦਿੱਤਾ ਗਿਆ। ਸਰਕਾਰ ਚਾਹੁੰਦੀ ਸੀ ਕਿ ਇਸ ਕੰਮ ਨਾਲ ਸਿੱਖਾਂ ਵਿੱਚ ਜੋ ਬੇਚੈਨੀ ਪੈਦਾ ਹੋਈ ਹੈ, ਉਸ ਨੂੰ ਜ਼ੋਰ ਨਾਲ ਦਬਾਅ ਦਿੱਤਾ ਜਾਵੇ, ਪਰ ਇਹ ਗੱਲ ਸਿੱਖਾਂ ਦੇ ਸੁਭਾਅ ਦੇ ਉਲਟ ਸੀ। ਜਦ ਬਾਬਾ ਖੜਕ ਸਿੰਘ ਨੇ ਦੇਖਿਆ ਕਿ ਸਰਕਾਰ ਰਾਜਸੀ ਬੇਚੈਨੀ ਬਹਾਨੇ ਧਾਰਮਿਕ ਦੀਵਾਨ ਵੀ ਬੰਦ ਕਰ ਰਹੀ ਹੈ ਤਾਂ ਉਨ੍ਹਾਂ ਨੇ ਝੱਟ ਅਜਨਾਲੇ ਵਿੱਚ ਦੀਵਾਨ ਕਰਨ ਦਾ ਮਤਾ ਪਾਸ ਕਰਨਾ ਦਿੱਤਾ। ਡਿਪਟੀ ਕਮਿਸ਼ਨਰ ਨੇ ਦੀਵਾਨ ਦੇ ਪ੍ਰਬੰਧਕਾਂ ਨੂੰ ਹੁਕਮ ਦੇ ਕੇ ਦੀਵਾਨ ਬੰਦ ਕਰਾਉਣ ਨੂੰ ਆਖਿਆ ਤਾਂ ਸ਼੍ਰੋਮਣੀ ਕਮੇਟੀ ਦੀ ਸਾਰੀ ਵਰਕਿੰਗ ਕਮੇਟੀ ਉਥੇ ਪਹੁੰਚੀ ਤੇ ਸਾਰਿਆਂ ਨੇ ਜਾ ਕੇ ਹੁਕਮ ਨੂੰ ਤੋੜਿਆ ਅਤੇ ਸਰਕਾਰ ਦੀ ਪੋਲ ਖੋਲ੍ਹੀ। ਬਾਬਾ ਖੜਕ ਸਿੰਘ ਨੇ ਲੈਕਚਰ ਵਿੱਚ ਕਿਹਾ ਕਿ ਧਾਰਮਿਕ ਮਾਮਲਿਆਂ ਵਿੱਚ ਸਰਕਾਰ ਅੜਚਨ ਨਹੀਂ ਪਾ ਸਕਦੀ। ਉਨ੍ਹਾਂ ਨੇ ਕੌਮ ਨੂੰ ਸਰਕਾਰ ਦੀਆਂ ਚਾਲਾਂ ਤੋਂ ਹੁਸ਼ਿਆਰ ਹੋਣ ਦਾ ਸੱਦਾ ਦੇ ਕੇ ਕਿਹਾ ਕਿ ਜੇ ਕੋਈ ਸੱਜਣ ਫੜਿਆ ਜਾਵੇ ਤਾਂ ਦੂਜਾ ਸੱਜਣ ਕੰਮ ਕਰਨ ਲੱਗ ਜਾਵੇ।

See also  ਇੱਕ ਕਾਰ ਸਵਾਰ ਵੱਲੋ ਪੁਲੀਸ ਨਾਕਾ ਤੋੜ ਕੇ ਕੀਤੀ ਭਜਨ ਦੀ ਕੋਸ਼ਿਸ਼

ਅਜੇ ਇਨ੍ਹਾਂ ਲੈਕਚਰਾਂ ਦੀਆਂ ਰਿਪੋਰਟਾਂ ਅਖਬਾਰਾਂ ਵਿੱਚ ਛਪੀਆਂ ਸਨ ਤਾਂ ਖਬਰ ਆ ਗਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਖੜਕ ਸਿੰਘ, ਸਕੱਤਰ ਮਹਿਤਾਬ ਸਿੰਘ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਸਰਦਾਰ ਹਰੀ ਸਿੰਘ ਜਲੰਧਰ ਆਦਿ ਵਰਕਿੰਗ ਕਮੇਟੀ ਦੇ ਮੈਂਬਰ ਫੜੇ ਗਏ ਹਨ ਤੇ ਬਾਕੀ ਵੀ ਜਲਦੀ ਫੜੇ ਜਾ ਸਕਦੇ ਹਨ। ਇਹ ਖਬਰ ਨਿਕਲਦੇ ਸਾਰ ਸਿੱਖਾਂ ਨੇ ਜਲਸੇ ਰੋਕੂ ਕਾਨੂੰਨ ਛਿੱਕੇ ਟੰਗ ਕੇ ਜਲਸੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਸਰਕਾਰ ਵੱਲੋਂ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ। ਲਗਭਗ 300 ਸਿੰਘ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ ਗਏ। ਇਨ੍ਹਾਂ ਵਿੱਚ ਬਾਬਾ ਖੜਕ ਸਿੰਘ ਸ਼ਾਮਲ ਸਨ, ਜਿਨ੍ਹਾਂ ਨੂੰ ਕੈਦੀ ਵਜੋਂ ਡੇਰਾ ਗਾਜ਼ੀ ਖਾਂ ਜੇਲ੍ਹ ਭੇਜ ਦਿੱਤਾ ਗਿਆ, ਪਰ ਸਰਕਾਰ ਨੂੰ ਆਖਰ ਹਾਰ ਮੰਨਣੀ ਪਈ। ਜਿਨ੍ਹਾਂ ਹੱਥਾਂ ਨਾਲ ਸਿੱਖਾਂ ਤੋਂ ਚਾਬੀਆਂ ਲਈਆਂ ਗਈਆਂ ਸਨ, ਉਨ੍ਹਾਂ ਹੱਥਾਂ ਨਾਲ ਹੀ ਸਰਕਾਰ ਨੇ ਦਰਬਾਰ ਸਾਹਿਬ ਦੀਆਂ ਚਾਬੀਆਂ ਖੜਕ ਸਿੰਘ ਨੂੰ ਵਾਪਸ ਕੀਤੀਆਂ।

ਨਾ-ਮਿਲਵਰਤਨ ਲਹਿਰ ਦੇ ਦੌਰਾਨ ਸਰਕਾਰ ਵੱਲੋਂ ਲਾਲਾ ਲਾਜਪਤ ਰਾਏ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ। ਇਸ ਤੋਂ ਬਾਅਦ ਆਗਾ ਮੁਹੰਮਦ ਸ਼ਫਦਰ ਪ੍ਰਧਾਨ ਬਣੇ, ਉਹ ਵੀ ਗ੍ਰਿਫਤਾਰ ਕਰ ਲਏ ਗਏ। ਤਦ ਕਾਂਗਰਸ ਨੇ ਬਾਬਾ ਖੜਕ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ। ਇਸ ਸਭ ਵਿੱਚ ਸਰਕਾਰ ਬਾਬਾ ਖੜਕ ਸਿੰਘ ਨੂੰ ਕੈਦ ਕਰਨ ਦਾ ਬਹਾਨਾ ਲੱਭਦੀ ਰਹੀ। ਜਦ ਕੋਈ ਹੋਰ ਬਹਾਨਾ ਨਾ ਮਿਲਿਆ ਤਾਂ ਕਿਰਪਾਨਾਂ ਬਣਾਉਣ ਕਾਰਨ ਹੀ ਉਨ੍ਹਾਂ ਨੂੰ ਤਿੰਨ ਸਾਲ ਦੀ ਕੈਦ ਸੁਣਾ ਦਿੱਤੀ ਗਈ। ਬਾਬਾ ਖੜਕ ਸਿੰਘ ਦੇਸ਼ ਦੀ ਸੇਵਾ ‘ਚ ਪਹਿਲੇ ਦਰਜੇ ਦੇ ਨਿਡਰ ਅਤੇ ਦਲੇਰ ਯੋਧਾ ਸਨ। ਜਿਸ ਕੰਮ ਵਿੱਚ ਜ਼ਿਆਦਾ ਖਤਰਾ ਹੁੰਦਾ ਸੀ, ਉਹ ਕੰਮ ਕਰਨ ਲਈ ਬਾਬਾ ਜੀ ਪਹਿਲਾਂ ਪਹੁੰਚਦੇ। ਇਹੀ ਕਾਰਨ ਸੀ ਕਿ ਜਿਸ ਮੋਰਚੇ ਨੂੰ ਬਾਬਾ ਖੜਕ ਸਿੰਘ ਹੱਥ ਪਾ ਲੈਂਦੇ, ਉਹ ਫਤਹਿ ਹੋ ਜਾਂਦਾ।

See also  ਮਾਨ ਸਰਕਾਰ ਦਾ ਵੱਡਾ ਫੈਸਲਾ ਆਂਗਣਵਾੜੀ ਸੈਂਟਰਾਂ ਲਈ ਉਤਪਾਦ ਕੀਤੇ ਲਾਂਚ

ਬਾਬਾ ਖੜਕ ਸਿੰਘ 6 ਅਕਤੂਬਰ ਨੂੰ ਸੰਘਰਸ਼ਮਈ ਜ਼ਿੰਦਗੀ ਜਿਊਂਦੇ ਹੋਏ ਸੰਸਾਰ ਨੂੰ ਛੱਡ ਗਏ। 1988 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਦੇ ਸਨਮਾਨ ਵਿੱਚ ਡਾਕ ਟਿਕਟ ਜਾਰੀ ਕੀਤੀ ਅਤੇ ਦਿੱਲੀ ਵਿੱਚ ਉਨ੍ਹਾਂ ਦੇ ਨਾਂ ਉਤੇ ‘ਬਾਬਾ ਖੜਕ ਸਿੰਘ ਮਾਰਗ’ ਦੀ ਸਥਾਪਨਾ ਕੀਤੀ ਗਈ।

Post by ; Tarandeep singh