ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਮਾਂਟਰੀਅਲ ਨੇੜਲੇ ਇਲਾਕੇ ਲਾਸਾਲ ਵਿੱਚ ਪੰਜਾਬੀ ਮੂਲ ਦੀ ਯੂਟਿਊਬਰ ਨੈਂਸੀ ਗਰੇਵਾਲ ਦਾ ਉਸ ਦੇ ਘਰ ਵਿੱਚ ਹੀ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਸ ਨੇ ਇਸ ਮਾਮਲੇ ਵਿੱਚ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵਾਰਦਾਤ ਲਾਸਾਲ ਦੇ ਸੇਂਟ-ਲੂਸ ਕ੍ਰੇਸੈਂਟ ਸਥਿਤ ਇੱਕ ਇਮਾਰਤ ਵਿੱਚ ਵਾਪਰੀ, ਜਿੱਥੇ ਪੁਲਸ ਨੂੰ ਤੜਕਸਾਰ ਇੱਕ ਐਮਰਜੈਂਸੀ ਕਾਲ ਮਿਲੀ ਸੀ। ਜਦੋਂ ਪੁਲਸ ਮੌਕੇ ‘ਤੇ ਪਹੁੰਚੀ ਤਾਂ ਨੈਂਸੀ ਗਰੇਵਾਲ ਗੰਭੀਰ ਜ਼ਖਮੀ ਹਾਲਤ ਵਿੱਚ ਮਿਲੀ। ਉਸ ਦੇ ਸਰੀਰ ‘ਤੇ ਚਾਕੂਆਂ ਨਾਲ ਵਿੰਨ੍ਹੇ ਜਾਣ ਦੇ ਕਈ ਨਿਸ਼ਾਨ ਸਨ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡੂੰਘੇ ਜ਼ਖ਼ਮਾਂ ਤੇ ਜ਼ਿਆਦਾ ਖੂਨ ਵਹਿ ਜਾਣ ਕਾਰਨ ਉਸ ਦੀ ਮੌਤ ਹੋ ਗਈ।

ਮਾਮਲੇ ‘ਚ ਕਾਰਵਾਈ ਕਰਦੇ ਹੋਏ ਪੁਲਸ ਨੇ ਮੌਕੇ ਤੋਂ ਹੀ ਨੈਂਸੀ ਦੇ ਸਾਲਾ ਪਤੀ ਨੂੰ ਹਿਰਾਸਤ ਵਿੱਚ ਲੈ ਲਿਆ। ਉਸ ‘ਤੇ ਦੂਜੇ ਦਰਜੇ ਦੇ ਕਤਲ ਦੇ ਦੋਸ਼ ਲਗਾਏ ਗਏ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮਾਮਲਾ ਘਰੇਲੂ ਹਿੰਸਾ ਨਾਲ ਸਬੰਧਤ ਹੋ ਸਕਦਾ ਹੈ। ਗੁਆਂਢੀਆਂ ਅਨੁਸਾਰ ਇਹ ਪਰਿਵਾਰ ਕੁਝ ਸਮਾਂ ਪਹਿਲਾਂ ਹੀ ਇੱਥੇ ਰਹਿਣ ਆਇਆ ਸੀ।
ਨੈਂਸੀ ਗਰੇਵਾਲ ਦੇ ਕਤਲ ਦੀ ਖ਼ਬਰ ਸੁਣਦਿਆਂ ਹੀ ਕੈਨੇਡਾ ਅਤੇ ਪੰਜਾਬ ਵਿੱਚ ਰਹਿੰਦੇ ਉਸ ਦੇ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ। ਮਾਂਟਰੀਅਲ ਪੁਲਸ (SPVM) ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਨੈਂਸੀ ਦੇ ਪਤੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਕਤਲ ਦੇ ਅਸਲ ਕਾਰਨਾਂ ਦਾ ਖੁਲਾਸਾ ਹੋਣ ਦੀ ਉਮੀਦ ਹੈ।















