ਕਿਸਾਨਾਂ ਨੂੰ ਮਾਨ ਸਰਕਾਰ ਵੱਲੋ ਮੂੰਗੀ ਦੀ ਫਸਲ ਦਾ ਸਹੀ MSP ਨਹੀਂ ਮਿਲਿਆ : ਸੁਖਪਾਲ ਸਿੰਘ ਖਹਿਰਾ

ਚੰਡੀਗੜ੍ਹ : ਕੁੱਲ ਹਿੰਦ ਕਿਸਾਨ ਕਾਂਗਰਸ ਦੇ ਪ੍ਰਧਾਨ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਜਿਨ੍ਹਾਂ ਨੂੰ ਮੂੰਗੀ ਦਾ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਨਹੀਂ ਮਿਲਿਆ।

sukhpal singh khaira

ਖਹਿਰਾ ਨੇ ਕਿਹਾ ਕਿ ਉਹ ਜਲਦੀ ਹੀ ਮੁੱਖ ਮੰਤਰੀ ਨੂੰ ਮਿਲਣ ਲਈ ਕਿਸਾਨਾਂ ਦੇ ਵਫ਼ਦ ਦੀ ਅਗਵਾਈ ਕਰਨਗੇ ਅਤੇ ਉਮੀਦ ਹੈ ਕਿ ਉਹ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਵਾਅਦਾ ਪੂਰਾ ਕਰਨਗੇ। ਖਹਿਰਾ ਨੇ ਖੁਲਾਸਾ ਕੀਤਾ ਕਿ ਮੁੱਖ ਮੰਤਰੀ ਮਾਨ ਵੱਲੋਂ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਲਈ ਉਤਸ਼ਾਹਿਤ ਕਰਨ ਲਈ ਮੂੰਗੀ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਵਾਅਦਾ ਕਰਨ ਤੋਂ ਬਾਅਦ, ਉਹ (ਕਿਸਾਨ) ਮੂੰਗੀ ਦੀ ਕਾਸ਼ਤ ਲਈ ਤਿਆਰ ਹੋਏ ਜਿਸ ਨਾਲ 4,86,025 ਕੁਇੰਟਲ ਦਾ ਉਤਪਾਦਨ ਹੋਇਆ। ਹਾਲਾਂਕਿ, ਉਨ੍ਹਾਂ ਕਿਹਾ ਕਿ ਸਰਕਾਰ ਨੇ ਸਿਰਫ 54,761 ਕੁਇੰਟਲ ਦੀ ਖਰੀਦ ਕੀਤੀ, ਜੋ ਕਿ ਸਿਰਫ 11 ਪ੍ਰਤੀਸ਼ਤ ਬਣਦੀ ਹੈ. ਨਤੀਜੇ ਵਜੋਂ ਖਹਿਰਾ ਨੇ ਕਿਹਾ 89 ਫੀਸਦੀ ਕਿਸਾਨ ਮੂੰਗੀ ਦੀ ਵਿਕਰੀ ਲਈ ਮੰਡੀ ਗਏ ਅਤੇ ਉਨ੍ਹਾਂ ਦੀ ਫਸਲ 3000 ਤੋਂ 5000 ਰੁਪਏ ਪ੍ਰਤੀ ਕੁਇੰਟਲ ਦੇ ਵਿਚਕਾਰ ਵਿਕ ਗਈ, ਇਸ ਤਰ੍ਹਾਂ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਔਸਤਨ ਕਿਸਾਨਾਂ ਦਾ ਪ੍ਰਤੀ ਏਕੜ 15,000 ਤੋਂ 20,000 ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਦੀ ਭਰਪਾਈ ਸਰਕਾਰ ਨੂੰ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਵੱਲੋਂ ਵਾਰ-ਵਾਰ ਕੀਤੇ ਵਾਅਦੇ ਅਤੇ ਭਰੋਸੇ ਤੋਂ ਬਾਅਦ ਹੀ ਕਿਸਾਨਾਂ ਨੇ ਮੂੰਗੀ ਦੀ ਕਾਸ਼ਤ ਨੂੰ ਅੱਗੇ ਵਧਾਇਆ ਹੈ। ਉਨ੍ਹਾਂ ਉਮੀਦ ਜ਼ਾਹਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਜਨਤਕ ਤੌਰ ‘ਤੇ ਅਤੇ ਵਾਰ-ਵਾਰ ਕੀਤੇ ਵਾਅਦੇ ਤੋਂ ਭੱਜਣਗੇ ਨਹੀਂ।

See also  ਐਨ.ਆਰ.ਆਈ. ਸਭਾ ਪੰਜਾਬ ਦੇ ਪ੍ਰਧਾਨ ਦੀ ਚੋਣ 05 ਜਨਵਰੀ, 2024 ਨੂੰ ਹੋਵੇਗੀ; ਕੁਲਦੀਪ ਸਿੰਘ ਧਾਲੀਵਾਲ