ਕਣਕ ਦੇ ਸਬਸਿਡੀ ਵਾਲੇ ਬੀਜਾਂ ਲਈ 1 ਲੱਖ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ: ਗੁਰਮੀਤ ਸਿੰਘ ਖੁੱਡੀਆਂ

50 ਫੀਸਦੀ ਸਬਸਿਡੀ ‘ਤੇ ਕਿਸਾਨਾਂ ਨੂੰ 2 ਲੱਖ ਕੁਇੰਟਲ ਕਣਕ ਦੇ ਪ੍ਰਮਾਣਿਤ ਬੀਜ ਕਰਵਾਏ ਜਾ ਰਹੇ ਹਨ ਮੁਹੱਈਆ 
ਚੰਡੀਗੜ੍ਹ, 5 ਨਵੰਬਰ: ਪੰਜਾਬ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੂੰ ਕਣਕ ਦੇ ਪ੍ਰਮਾਣਿਤ ਬੀਜਾਂ ‘ਤੇ 50 ਫੀਸਦੀ ਸਬਸਿਡੀ ਹਾਸਲ ਕਰਨ ਲਈ ਸੂਬੇ ਦੇ ਕਿਸਾਨਾਂ ਵੱਲੋਂ ਕੁੱਲ 1,09,240 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਵਿਭਾਗ ਦੇ ਪੋਰਟਲ ‘ਤੇ ਹੁਣ ਤੱਕ 8736.8 ਕੁਇੰਟਲ ਬੀਜਾਂ ਦੇ 21,842 ਬਿੱਲ ਅਪਲੋਡ ਹੋ ਚੁੱਕੇ ਹਨ। ਕਣਕ ਦੇ ਬੀਜਾਂ ਲਈ ਪ੍ਰਤੀ ਕਿਸਾਨ ਵੱਧ ਤੋਂ ਵੱਧ 5 ਏਕੜ (2 ਕੁਇੰਟਲ) ਰਕਬੇ ਲਈ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਸਬਸਿਡੀ ਵਾਲੇ ਬੀਜ ਮੁਹੱਈਆ ਕਰਵਾਉਣ ਵਿੱਚ ਅਨੁਸੂਚਿਤ ਜਾਤੀਆਂ, ਛੋਟੇ (2.5 ਤੋਂ 5 ਏਕੜ) ਅਤੇ ਸੀਮਾਂਤ ਕਿਸਾਨਾਂ (2.5 ਏਕੜ ਤੱਕ) ਨੂੰ ਪਹਿਲ ਦਿੱਤੀ ਜਾ ਰਹੀ ਹੈ।
ਹਾੜ੍ਹੀ ਦੇ ਸੀਜ਼ਨ 2023-24 ਵਿੱਚ ਕਣਕ ਦੇ ਪ੍ਰਮਾਣਿਤ ਬੀਜਾਂ ‘ਤੇ ਸਬਸਿਡੀ ਬੀਜਾਂ ਦੀ ਕੁੱਲ ਲਾਗਤ ਦੇ 50 ਫੀਸਦੀ ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮੁਹੱਈਆ ਕਰਵਾਈ ਜਾ ਰਹੀ ਹੈ। ਕਿਸਾਨ ਨੂੰ ਕਣਕ ਦੇ ਬੀਜ ਦੀ ਖਰੀਦ ‘ਤੇ ਸਬਸਿਡੀ ਦੀ ਰਕਮ ਘਟਾਉਣ ਤੋਂ ਬਾਅਦ ਬਚੀ ਰਕਮ ਹੀ ਅਦਾ ਕਰਨੀ ਪਵੇਗੀ। ਸ. ਖੁੱਡੀਆਂ ਨੇ ਅੱਗੇ ਦੱਸਿਆ ਕਿ ਸਭ ਤੋਂ ਵੱਧ ਅਰਜ਼ੀਆਂ (11,589) ਫਾਜ਼ਿਲਕਾ ਜ਼ਿਲ੍ਹੇ ਤੋਂ ਪ੍ਰਾਪਤ ਹੋਈਆਂ। ਇਸ ਤੋਂ ਬਾਅਦ ਸੰਗਰੂਰ (9894), ਬਠਿੰਡਾ (9282), ਸ੍ਰੀ ਮੁਕਤਸਰ ਸਾਹਿਬ (7261), ਪਟਿਆਲਾ (6205), ਮਾਨਸਾ (6139) ਅਤੇ ਫਰੀਦਕੋਟ (6047) ਤੋਂ ਅਰਜ਼ੀਆਂ ਪ੍ਰਾਪਤ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵਧੀਆ ਕੁਆਲਿਟੀ ਦੀ ਕਣਕ ਦੇ ਬੀਜ ਮੁਹੱਈਆ ਕਰਵਾਉਣ ਲਈ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਖੇਤੀਬਾੜੀ ਸੈਕਟਰ ਨੂੰ ਲਾਹੇਵੰਦ ਬਣਾਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ।
See also  ਸਰਬੱਤ ਖਾਲਸਾ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਕੀਤੀ ਪ੍ਰੈਸ ਕਾਨਫਰੰਸ

Related posts: