ਹੜ੍ਹਾ ਕਾਰਨ ਪੰਜਾਬ ਦੇ ਕਈ ਪਿੰਡਾਂ ਚ ਹਾਲਾਤ ਕਾਫੀ ਜਿ਼ਆਦਾ ਮਾੜੇ ਬਣੇ ਹੋਏ ਨੇ ਜਿਸ ਕਾਰਨ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਇਕ ਚੀਜ਼ ਦੀ ਕਾਫੀ ਜਿ਼ਆਦਾ ਲੋੜ ਐ। ਇਸੇ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਅੱਜ ਹੁਸਿ਼ਆਰਪੁਰ ਦੇ ਕਸਬਾ ਚੱਬੇਵਾਲ ਤੋਂ ਕਿਸਾਨਾਂ ਵਲੋਂ ਪਸ਼ੂਆਂ ਲਈ ਬਾਜਰੇ ਨਾਲ ਭਰੀਆਂ 6 ਟਰਾਲੀਆਂ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਭੇਜੀਆਂ ਗਈਆਂ ਤੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਨ੍ਹਾਂ ਵਲੋਂ ਇਹ ਸੇਵਾ ਦੁਬਾਰਾ ਵੀ ਭੇਜੀ ਜਾਵੇਗੀ।
ਗੱਲਬਾਤ ਦੌਰਾਨ ਕਿਸਾਨਾਂ ਨੇ ਕਿਹਾ ਕਿ ਜਦੋਂ ਵੀ ਪੰਜਾਬ ਤੇ ਕੋਈ ਭੀੜ ਪਈ ਐ ਤਾਂ ਉਸ ਵਕਤ ਹੀ ਲੋਕਾਂ ਵੱਲੋ ਇਕਜੁੱਟਤਾ ਦਾ ਸੁਨੇਹਾ ਦਿੰਦਿਆਂ ਇਕ ਦੂਜੇ ਦੀ ਬਾਂਹ ਫੜੀ ਗਈ ਐ। ਉਨ੍ਹਾਂ ਕਿਹਾ ਕਿ ਚਾਹੇ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤਾਂ ਉਸ ਵਕਤ ਵੀ ਸਾਰੇ ਪੰਜਾਬੀਆਂ ਵਲੋਂ ਇਕਜੁੱਟ ਹੋ ਕੇ ਸਾਹਮਣਾ ਕੀਤਾ ਗਿਆ ਸੀ ਤੇ ਅੱਜ ਫਿਰ ਸਾਰਾ ਪੰਜਾਬ ਇੱਕ ਹੋ ਕੇ ਆਪਣਿਆਂ ਦੀ ਮੱਦਦ ਕਰ ਰਿਹਾ ਏ।ਉਨ੍ਹਾਂ ਕਿਹਾ ਕਿ ਸਰਕਾਰਾਂ ਅਤੇ ਲੀਡਰਾਂ ਦਾ ਇਕੋ ਇੱਕ ਕੰਮ ਬਸ ਫੋਟੋਆਂ ਖਿਚਵਾਉਣ ਤੱਕ ਹੀ ਸੀਮਿਤ ਹੈ ਜਦ ਕਿ ਜਿਸ ਤਰ੍ਹਾਂ ਨਾਲ ਸਰਕਾਰ ਨੂੰ ਕੰਮ ਕਰਨੇ ਚਾਹੀਦੇ ਨੇ ਉਹ ਨਹੀਂ ਕੀਤੇ ਜਾਂਦੇ ਜਿਸ ਕਾਰਨ ਲੋਕਾਂ ਚ ਸਰਕਾਰਾਂ ਪ੍ਰਤੀ ਰੋਸ ਪੈਦਾ ਹੁੰਦਾ ਹੈ।