ਸਿੱਧੂ ਮੂਸੇਵਾਲਾ ਦੀ ਮਾਤਾ ਨੇ ਕੀਤੀ ਿੲਨਸਾਫ ਦੀ ਮੰਗ

ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ ਉਸਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਉਹਨਾਂ ਨੂੰ ਇੱਕ ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਵੀ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਅਤੇ ਕੋਈ ਵੀ ਪੁੱਛਗਿੱਛ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਜਿਸ ਕਲਾਕਾਰ ਨੂੰ ਏਨੇ ਜ਼ਿਆਦਾ ਲੋਕ ਪਿਆਰ ਕਰਦੇ ਹੋਣ, ਉਸਦੀ ਸੁਣਵਾਈ ਨਹੀਂ ਹੋ ਰਹੀ ਤਾਂ ਆਮ ਲੋਕਾਂ ਦੀ ਕੀ ਸੁਣਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਸਾਡੀ ਕੋਈ ਗੱਲ ਨਹੀਂ ਸੁਣ ਰਹੀ ਅਤੇ ਸਾਨੂੰ ਮਿਲਣ ਦਾ ਵੀ ਸਮਾਂ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਬੇਸ਼ਕ ਅੱਜ ਸਾਡਾ ਮਾੜਾ ਸਮਾ ਹੈ ਪਰ ਕੱਲ੍ਹ ਨੂੰ ਚੰਗਾ ਸਮਾਂ ਵੀ ਆਵੇਗਾ ਅਤੇ ਮੈ ਸਮੇਂ ਦੇ ਇਨਾਂ ਸ਼ਾਸਕਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਮੇਰਾ ਇਸ ਜਹਾਨੋਂ ਗਿਆ ਪੁੱਤ ਲੱਖਾਂ-ਕਰੋੜਾਂ ਪੁੱਤ ਮੇਰੀ ਝੋਲੀ ਪਾ ਕੇ ਗਿਆ ਹੈ, ਜੋ ਪਿਛਲੇ ਸਾਲ ਭਰ ਤੋਂ ਸਾਡਾ ਦੁੱਖ ਵੰਡਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੁਹਾਡੇ ਤੇ ਅਜਿਹਾ ਮਾੜਾ ਸਮਾਂ ਆਇਆ ਤਾਂ ਕਿਸੇ ਨੇ ਵੀ ਤੁਹਾਡੇ ਨਾਲ ਲਈ ਖੜਨਾ।

ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੇ ਇਕੱਲੇ ਅਸੀਂ ਜੀ ਨਹੀਂ ਰਹੇ, ਬਲਕਿ ਪੂਰੀ ਦੁਨੀਆਂ ਉਸ ਨੂੰ ਯਾਦ ਕਰਕੇ ਰੋ ਰਹੀ ਹੈ। ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਜਿਨ੍ਹਾਂ ਲੋਕਾਂ ਦਾ ਸੁਭਦੀਪ ਸਿੱਧੂ ਦੇ ਕਤਲ ਵਿੱਚ ਹੱਥ ਹੈ, ਪਰਮਾਤਮਾ ਉਨ੍ਹਾਂ ਦੀ ਲੰਮੀ ਉਮਰ ਕਰੇ ਅਤੇ ਉਹ ਸਭ ਕੁਝ ਇੱਥੇ ਹੀ ਭੁਗਤ ਕੇ ਜਾਣ। ਉਨ੍ਹਾਂ ਕਿਹਾ ਕਿ ਅਸੀਂ ਤੁਹਾਡਾ ਇਹ ਕਰਜ਼ ਸਾਰੀ ਉਮਰ ਨਹੀ ਉਤਾਰ ਸਕਦੇ ਜੋ ਤੁਸੀਂ ਸਾਡਾ ਦੁੱਖ ਵੰਡਾ ਰਹੇ ਹੋ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿੱਧੂ ਮੂਸੇਵਾਲਾ ਦੇ ਇਨਸਾਫ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਨ ਕਿਉਂਕਿ ਸਰਕਾਰ ਨੇ ਤਾਂ ਅੱਖਾਂ ਤੇ ਪੱਟੀ ਬੰਨ੍ਹ ਰੱਖੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਇਹ ਬਣ ਗਏ ਹਨ ਕਿ ਜਾਂ ਤਾਂ ਸਾਨੂੰ ਸਰਕਾਰ ਮੁਤਾਬਕ ਚੱਲਣਾ ਪਵੇਗਾ ਜਾਂ ਫਿਰ ਸੱਚ ਬੋਲਣ ਵਾਲੇ ਨੂੰ ਸਿੱਧੂ ਮੂਸੇਵਾਲਾ ਦੀ ਤਰ੍ਹਾਂ ਮਾਰ ਦਿੱਤਾ ਜਾਵੇਗਾ। ਬਲਤੇਜ ਪੰਨੂੰ ਵੱਲੋਂ ਸੋਸ਼ਲ ਮੀਡੀਆ ਤੇ ਪਾਈਆਂ ਜਾ ਰਹੀਆਂ ਪੋਸਟਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਇਹ ਭੁਲੇਖਾ ਕੱਢ ਦੇਵੇ ਕਿ ਲੋਕ ਉਸਨੂੰ ਮਾਫ਼ ਕਰ ਦੇਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਸਿੱਧੂ ਮੂਸੇਵਾਲਾ ਨੂੰ ਇਸੇ ਤਰਾਂ ਜਿੰਦਾ ਰੱਖੋ ਤੇ ਉਸਦੇ ਇਨਸਾਫ ਲਈ ਅਰਦਾਸ ਕਰੋ ਅਤੇ ਉਹਨਾਂ ਸਾਰੇ ਹੀ ਦਰਿੰਦਿਆਂ ਦੀ ਬਰਬਾਦੀ ਆਪਣੇ ਅੱਖੀਂ ਵੇਖਣ ਲਈ ਅਰਦਾਸ ਕਰੋ।

See also  ਆਗਾਮੀ ਗਣਤੰਤਰ ਦਿਵਸ ਤੋਂ ਲੋਕਾਂ ਦੀ ਸੇਵਾ ਲਈ ਸਮਰਪਿਤ ਹੋਵੇਗੀ ਸੜਕ ਸੁਰੱਖਿਆ ਫੋਰਸ: CM ਮਾਨ