ਬਿਓਰੋ : ਬੀਤੇ ਕਈ ਦਿਨ ਪਹਿਲਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਬਿਸ਼ਨੋਈ ਗੈਂਗ ਦਾ ਨਾਮ ਦੱਸ ਜਾਨੋਂ ਮਾਰਨ ਦੀ ਧਮਕੀ ਭਰੀ ਏ-ਮੇਲ ਆਈ ਸੀ ਜਿਸ ਤੋਂ ਬਾਅਦ ਮਾਨਸਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆ ਅਣਪਛਾਤਿਆਂ ਖ਼ਿਲਾਫ਼ ਜਬਰੀ ਵਸੂਲੀ ਤੇ ਧਮਕੀਆਂ ਦੇ ਦੋਸ਼ ਹੇਠ ਐਫਆਈਆਰ ਦਰਜ ਕੀਤੀ ਹੈ। ਸੂਤਰਾਂ ਅਨੁਸਾਰ ਮਾਨਸਾ ਪੁਲਿਸ ਨੇ ਧਮਕੀਆਂ ਦੇਣ ਵਾਲਿਆਂ ਨੂੰ ਰਾਜਸਥਾਨ ਤੋਂ ਲੱਭ ਲਿਆ ਹੈ।
ਸੂਤਰਾਂ ਅਨੁਸਾਰ ਇਕ ਟੀਮ ਪਹਿਲਾਂ ਹੀ ਗੁਆਂਢੀ ਸੂਬੇ ਵਿੱਚ ਹੈ ਤੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਵਿਦੇਸ਼ ਤੋਂ ਪਰਤਣ ਤੋਂ ਬਾਅਦ ਬਲਕੌਰ ਸਿੰਘ ਨੇ ਮੰਗਲਵਾਰ ਨੂੰ ਮਾਨਸਾ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਸ ਨੂੰ ਈ-ਮੇਲ ਰਾਹੀਂ ਧਮਕੀ ਦਿੱਤੀ ਗਈ ਤੇ ਉਸ ਦੀ ਜਾਨ ਨੂੰ ਖ਼ਤਰਾ ਹੈ।
ਮਾਨਸਾ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਗੌਰਵ ਤੂਰਾ ਨੇ ਦੱਸਿਆ ਕਿ ਪੁਲਿਸ ਨੇ ਧਮਕੀਆਂ ਦੇਣ ਵਾਲੇ ਨੂੰ ਟਰੇਸ ਕਰ ਲਿਆ ਹੈ, ਉਸ ਨੂੰ ਛੇਤੀ ਹੀ ਹਿਰਾਸਤ ਵਿੱਚ ਲੈ ਕੇ ਪੰਜਾਬ ਲਿਆਂਦਾ ਜਾਵੇਗਾ।ਕਾਬਿਲੇਗ਼ੌਰ ਹੈ ਕਿ ਸ਼ੂਟਰ ਏਜੇ ਲਾਰੈਂਸ ਦੇ ਨਾਂ ‘ਤੇ ਇਹ ਧਮਕੀ ਸਿੱਧੂ ਮੂਸੇਵਾਲਾ ਦੀ ਈ-ਮੇਲ ਆਈਡੀ ‘ਤੇ ਭੇਜੀ ਗਈ ਸੀ। ਇਸ ਨੂੰ ਸੋਪੂ ਗਰੁੱਪ ਵੱਲੋਂ ਚੇਤਾਵਨੀ ਦੱਸਿਆ ਗਿਆ ਹੈ। ਧਮਕੀ ਦੇਣ ਵਾਲੇ ਨੇ ਲਿਖਿਆ- ਸੁਣੋ ਜੇ ਸਿੱਧੂ ਮੂਸੇਵਾਲਾ ਦੇ ਪਿਤਾ ਲਾਰੈਂਸ, ਜੱਗੂ ਭਗਵਾਨਪੁਰੀਆ ਸਾਡੇ ਭਰਾਵਾਂ ਦੀ ਸੁਰੱਖਿਆ ਬਾਰੇ ਕੁਝ ਵੀ ਕਹਿਣਗੇ ਤਾਂ ਬਲਕੌਰ ਸਿੰਘ ਦਾ ਹਾਲ ਸਿੱਧੂ ਮੂਸੇਵਾਲਾ ਤੋਂ ਵੀ ਬੁਰਾ ਹੋਵੇਗਾ।