ਮਹਿਲਾਵਾਂ ਵਲੋਂ ਵਿਅਕਤੀ ਦੀ ਕੁੱਟਮਾਰ

ਖਬਰ ਹੁਸਿ਼ਆਰਪੁਰ ਦੇ ਨਜ਼ਦੀਕੀ ਪਿੰਡ ਛਾਉਣੀ ਕਲਾਂ ਤੋਂ ਹੈ ਜਿਥੇ ਕਿ ਬੀਤੇ ਦਿਨ ਪਿੰਡ ਚ ਹੀ ਸਥਿਤ ਬੰਗਲਾ ਮੁਹੱਲੇ ਦੀਆਂ ਕੁਝ ਮਹਿਲਾਵਾਂ ਵਲੋਂ ਇਕ ਵਿਅਕਤੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਇਸ ਘਟਨਾ ਤੋਂ ਬਾਅਦ ਵਿਅਕਤੀ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਜਿਨ੍ਹਾਂ ਮਹਿਲਾਵਾਂ ਵਲੋਂ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਸੀ ਉਨ੍ਹਾਂ ਨੇ ਜ਼ਬਰੀ ਕੋਈ ਜ਼ਹਿਰੀਲੀ ਚੀਜ਼ ਖਿਲਾਈ ਹੈ ਜਿਸ ਕਾਰਨ ਉਕਤ ਵਿਅਕਤੀ ਦੀ ਮੌਤ ਹੋਈ ਹੈ। ਮ੍ਰਿਤਕ ਦੀ ਪਹਿਚਾਣ ਜਸਵਿੰਦਰ ਕੁਮਾਰ ਪੁੱਤਰ ਬਨਾਰਸੀ ਦਾਸ ਵਾਸੀ ਪਿੰਡ ਛਾਉਣੀ ਕਲਾਂ ਵਜੋਂ ਹੋਈ ਹੈ।

ਸਿਵਲ ਹਸਪਤਾਲ ਹੁਸਿ਼ਆਰਪੁਰ ਚ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਧੀ ਮਨਜਿੰਦਰ ਨੇ ਦੱਸਿਆ ਕਿ ਬੀਤੇ ਕੱਲ੍ਹ ਪਿੰਡ ਚ ਸਥਿਤ ਬੰਗਲਾਂ ਮੁਹੱਲੇ ਦੀਆਂ 6 ਮਹਿਲਾਵਾਂ ਜਿਨ੍ਹਾਂ ਚ 5 ਲੜਕੀਆਂ ਤੇ ਉਨ੍ਹਾਂ ਦੀ ਮਾਂ ਸ਼ਾਮਿਲ ਸੀ ਤੇ ਉਨ੍ਹਾਂ ਦੇ ਘਰ ਆਈਆਂ ਤੇ ਉਸਦੇ ਬਾਪ ਤੇ ਚੋਰੀ ਦਾ ਇਲਜ਼ਾਮ ਲਾ ਕੇ ਨਾਲ ਲੈ ਗਈਆਂ ਜਿਸ ਤੋਂ ਬਾਅਦ ਉਕਤ ਮਹਿਲਾਵਾਂ ਵਲੋਂ ਆਪਣੇ ਘਰ ਲਿਜਾ ਕੇ ਉਸਦੇ ਪਿਤਾ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਤੇ ਉਸਨੂੰ ਕੋਈ ਜ਼ਹਿਰੀਲੀ ਚੀਜ਼ ਖੁਆ ਦਿੱਤੀ ਜਿਸ ਤੋਂ ਬਾਅਦ ਪਰਿਵਾਰ ਵਲੋਂ ਜਸਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ ਜਿਥੇ ਕਿ ਅੱਜ ਸਵੇਰੇ ਉਸਦੀ ਮੌਤ ਹੋ ਗਈ। ਇਸ ਮੌਕੇ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਾਉਂਦਿਆਂ ਕਥਿਤ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।ਦੂਜੇ ਪਾਸੇ ਮੌਕੇ ਤੇ ਪਹੁੰਚੇ ਥਾਣਾ ਸਦਰ ਦੇ ਇੰਚਾਰਜ ਲਵਕੇਸ਼ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।

See also  ਨਾਭਾ ਬਲਾਕ ਦੇ ਪਿੰਡ ਮੈਹਸ ਦੇ ਲੋਕ ਨਸ਼ੇ ਨੂੰ ਜੜੋਂ ਖ਼ਤਮ ਕਰਨ ਹੋਏ ਇਕਜੁੱਟ