ਚੰਡੀਗੜ੍ਹ : ਸੁਖਬੀਰ ਬਾਦਲ ਨੇ ਐਸ.ਵਾਈ.ਐਲ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦੇਵੇਗਾ। ਇਸ ਲਈ ਚਾਹੇ ਕੋਈ ਵੀ ਕੁਰਬਾਨੀ ਦੇਣੀ ਪਵੇ। ਸੁਖਬੀਰ ਬਾਦਲ ਨੇ ਇਸ ਲਈ ਕਾਗਰਸ ਸਰਕਾਰ ਨੂੰ ਵੀ ਜਿੰਮੇਵਾਰ ਮੰਨਿਆ ਹੈ । ਬਾਦਲ ਨੇ ਪੰਜਾਬ ਸਰਕਾਰ ‘ਤੇ ਤੰਜ ਕਸਦਿਆਂ ਕਿਹਾ ਕਿ ਪੰਜਾਬ ‘ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਧਿਆਨ ਪੰਜਾਬ ਵੱਲ ਹੈ ਹੀ ਨਹੀ।
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕੇਜਰੀਵਾਲ ਚਲਾ ਰਿਹਾ ਹੈ ਤੇ ਉਸ ਨੇ ਪੰਜਾਬ ਨੂੰ ਲੁੱਟਣ ਦਾ ਸਾਧਨ ਬਣਾ ਲਿਆ ਹੈ। ਬਾਦਲ ਨੇ ਕੇਜਰੀਵਾਲ ‘ਤੇ ਬੋਲਦਿਆਂ ਕਿਹਾ ਕਿ ਜਿਵੇਂ ਪਹਿਲਾਂ ਦੇਸ਼ ਨੂੰ ਈਸਟ ਇੰਡੀਆ ਕੰਪਨੀ ਤੇ ਫਿਰ ਮੁਗਲਾਂ ਨੇ ਲੁੱਟਿਆ ਉਸ ਤਰ੍ਹਾਂ ਹੀ ਹੁਣ ਪੰਜਾਬ ਨੂੰ ਕੇਜਰੀਵਾਲ ਲੁੱਟਣਾ ਚਾਹੁੰਦਾ ਹੈ। ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਸਗੋਂ ਮੀਡੀਆ ‘ਚ ਇਸ਼ਤਿਹਾਰਾਂ ‘ਤੇ 700 ਕਰੋੜ ਤੋ ਜਿਆਦਾ ਦਾ ਖਰਚਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ‘ਚ ਆਟਾ-ਦਾਲ ਸਕੀਮ ਬੰਦ ਪਈ ਹੈ, ਸ਼ਗਨ ਸਕੀਮ ਵੀ ਬੰਦ ਹੈ ਤੇ ਮੁਲਾਜ਼ਮ ਤਨਖ਼ਾਹ ਤੋਂ ਵਾਂਝੇ ਹਨ। ਬਾਦਲ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਦੇਣਾ ਚਾਹੁੰਦਾ ਹੈ ਤੇ ਇਸ ਲਈ ਉਸਨੇ ਭਗਵੰਤ ਮਾਨ ਨੂੰ ਵੀ ਨਾਲ ਰਲ਼ਾ ਲਿਆ ਹੈ।