ਪੀਣ ਵਾਲੇ ਪਾਣੀ ਦੀ ਪਾਈਪ ਕੱਟਣ ਕਾਰਨ ਪਿੰਡ ਗੁਜਰਪੁਰ ‘ਚ ਚਾਰ ਦਿਨਾਂ ਤੋਂ ਪਾਣੀ ਦੀ ਕਿੱਲਤ

ਬਲਾਕ ਮਾਹਿਲਪੁਰ ਦੇ ਪਿੰਡ ਗੁਜਰਪੁਰ ਨੂੰ ਚਾਰ ਪਿੰਡਾਂ ਤੋਂ ਚੱਲ ਹਰੀ ਪੀਣ ਵਾਲੇ ਪਾਣੀ ਦੀ ਸਪਲਾਈ ਇੱਕ ਵਿਅਕਤੀ ਵਲੋਂ ਕੱਟ ਦਿੱਤੇ ਜਾਣ ਕਾਰਨ ਪਿੰਡ ਗੁਜਰਪੁਰ ਵਿਚ ਪਿਛਲੇ ਚਾਰ ਦਿਨਾਂ ਤੋਂ ਪੀਣ ਵਾਲੇ ਪਾਣੀ ਸਪਲਾਈ ਠੱਪ ਹੋ ਜਾਣ ਕਾਰਨ ਪਿੰਡ ਦੀਆਂ ਔਰਤਾਂ ਆਸ ਪਾਸ ਦੇ ਖੇਤਾਂ ਵਿੱਚੋਂ ਪਾਣੀ ਲੈਣ ਲਈ ਖ਼ੱਜਲ ਖ਼ੁਆਰ ਹੋ ਰਹੀਆਂ ਹਨ ਪਰੰਤੂ ਬਿਜਲੀ ਦੀ ਸਪਲਾਈ ਨਿਯਮਤ ਨਾ ਹੋਣ ਕਾਰਨ ਪਾਣੀ ਦੀ ਕਿੱਲਤ ਨੇ ਪਿੰਡ ਵਿਚ ਵਿਕਰਾਲ ਰੂਪ ਧਾਰਨ ਕੀਤਾ ਹੋਇਆ ਹੈ |

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਜੁਝਾਰ ਸਿੰਘ, ਬਹਾਦਰ ਸਿੰਘ, ਰਾਕੇਸ਼ ਕੁਮਾਰ, ਰਘੁਵੀਰ ਸਿੰਘ, ਹਰਬੰਸ ਸਿੰਘ, ਕਰਨੈਲ ਸਿੰਘ, ਸੁਰਿੰਦਰ ਸਿੰਘ, ਹੰਸ ਰਾਜ, ਸੋਹਣ ਸਿੰਘ, ਜੀਤ ਰਾਮ, ਗੁਰਦਿਆਲ ਸਿੰਘ, ਜੋਗਾ ਸਿੰਘ ਅਤੇ ਔਰਤਾਂ ਨੇ ਦੱਸਿਆ ਕਿ ਗੰਧੋਵਾਲ ਪਿੰਡ ਵਿਚ ਸਥਿਤ ਪੀਣ ਵਾਲੇ ਪਾਣੀ ਦੀ ਜਲ ਸਪਲਾਈ ਯੋਜਨਾ, ਗੰਧੋਵਾਲ, ਬੱਢੋਆਣ, ਸਰਦੁੱਲਾਪੁਰ ਅਤੇ ਗੁਜਰਪੁਰ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦਿੰਦੀ ਹੈ | ਉਨ੍ਹਾਂ ਦੱਸਿਆ ਕਿ ਪਿੰਡ ਬੱਢੋਆਣ ਦੇ ਬਾਹਰਵਾਰ ਰੇਸ਼ਮ ਸਿੰਘ ਨਾਮ ਦੇ ਵਿਅਕਤੀ ਦੇ ਘਰ ਕੋਲ ਪਾਣੀ ਦੀ ਲੀਕੇਜ ਸ਼ੁਰੂ ਹੋਣ ਕਾਰਨ ਉਸ ਨੇ ਉਨ੍ਹਾਂ ਦੀ ਜਲ ਸਪਲਾਈ ਯੋਜਨਾ ਦੀ ਪਾਈਪ ਵੱਢ ਕੇ ਪਾਣੀ ਬੰਦ ਕਰ ਦਿੱਤਾ ਜਿਸ ਕਾਰਨ ਦੇ ਲੋਕ ਪੀਣ ਵਾਲੇ ਪਾਣੀ ਲਈ ਬੂੰਦ ਬੂੰਦ ਨੂੰ ਤਰਸ ਗਏ ਹਨ | ਅੱਜ ਜਦੋਂ ਪੱਤਰਕਾਰਾਂ ਨੇ ਪਿੰਡ ਦਾ ਦੌਰਾ ਕੀਤਾ ਤਾਂ ਵੱਡੀ ਗਿਣਤੀ ਵਿਚ ਔਰਤਾਂ ਪੀਣ ਵਾਲੇ ਪਾਣੀ ਦੀ ਤਲਾਸ਼ ਲਈ ਖ਼ੇਤਾਂ ਤੋਂ ਖ਼ਾਲੀ ਹੱਥ ਵਾਪਿਸ ਆ ਰਹੀਆਂ ਸਨ | ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਰੇਸ਼ਮ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਐਸ ਡੀ ਓ ਨੇ ਉਸ ਨੂੰ ਪਾਣੀ ਦੀ ਲਾਈਨ ਵੱਢਣ ਲਈ ਆਿਖ਼ਆ ਸੀ | ਅੱਜ ਸਵੇਰੇ ਪਾਣੀ ਨੂੰ ਲੈ ਕੇ ਦੋਹਾਂ ਪਿੰਡਾਂ ਦੇ ਲੋਕਾਂ ਵਿਚ ਤਲਖੀ ਹੋ ਗਈ | ਮੌਕੇ ‘ਤੇ ਪਹੁੰਚੇ ਐਸ ਡੀ ਓ ਜਲ ਸਪਲਾਈ ਜੁਗਿੰਦਰ ਸਿੰਘ ਨੇ ਨੇ ਬੜੀ ਮੁਸ਼ਕਿਲ ਨਾਲ ਦੋਹਾਂ ਪਿੰਡਾਂ ਦੇ ਲੋਕਾਂ ਦੀ ਤਲਖ਼ੀ ਨੂੰ ਸ਼ਾਂਤ ਕਰਕੇ ਭਰੋਸਾ ਦਿੱਤਾ ਕਿ ਜਲਦ ਹੀ ਪੀਣ ਵਾਲੇ ਪਾਣੀ ਦੀ ਸਪਲਾਈ ਪਾਈਪ ਜੋੜ ਕੇ ਪਾਣੀ ਚਾਲੂ ਕਰ ਦਿੱਤਾ ਜਾਵੇਗਾ | ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਜਲ ਸਪਲਾਈ ਵਿਭਾਗ ਦੇ ਕਰਮਚਾਰੀਆਂ ਨੇ ਮਿਲੀ ਭੁਗਤ ਕਰਕੇ ਹੱਲ ਕਰਨ ਦੀ ਬਜਾਏ ਉਨ੍ਹਾਂ ਦਾ ਪਾਣੀ ਬੰਦ ਕਰਵਾ ਦਿੱਤਾ ਜਿਸ ਕਾਰਨ ਗਰਮੀ ਦੇ ਮੌਸਮ ਵਿਚ ਉਹ ਪਾਣੀ ਲਈ ਤਰਸ ਗਏ ਹਨ |

See also  ਬੱਬਰ ਖਾਲਸਾ ਨਾਲ ਜੁੜੀ ਅੰਮ੍ਰਿਤਪਾਲ ਦੀ NRI ਪਤਨੀ, ਬੈਂਕ ਖਾਤਿਆਂ ਦੀ ਕੀਤੀ ਜਾ ਰਹੀ ਹੈ ਜਾਂਚ