ਹੁਸਿ਼ਆਰਪੁਰ ਦੇ ਨਜ਼ਦੀਕੀ ਪਿੰਡ ਹਰਦੋਖਾਨਪੁਰ ਦੇ ਰਹਿਣ ਵਾਲੇ ਇਕ ਨੌਜਵਾਨ ਵਲੋਂ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਗਈ ਸੀ ਤੇ ਮ੍ਰਿਤਕ ਦੀ ਪਹਿਚਾਣ ਚੇਤਨ ਸ਼ਰਮਾ ਉਮਰ 30 ਸਾਲ ਵਜੋਂ ਹੋਈ ਸੀ। ਘਟਨਾ ਤੋਂ ਬਾਅਦ ਥਾਣਾ ਮਾਡਲ ਟਾਊਨ ਪੁਲਿਸ ਵਲੋਂ ਸਹੁਰਾ ਪਰਿਵਾਰ ਦੇ 3 ਮੈਂਬਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਅੱਜ ਪੀੜਤ ਪਰਿਵਾਰ ਵਲੋਂ ਮ੍ਰਿਤਕ ਚੇਤਨ ਸ਼ਰਮਾ ਦੀ ਲਾਸ਼ ਨੂੰ ਹੁਸਿ਼ਆਰਪੁਰ ਦੇ ਟਾਂਡਾ ਚੌਕ ਚ ਰੱਖ ਕੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਕਿਹਾ ਕਿ ਪੁਲਿਸ ਰਾਜਸੀ ਦਬਾਅ ਹੇਠ ਕੰਮ ਕਰ ਰਹੀ ਹੈ ਤੇ ਦੋਸ਼ੀਆਂ ਨੂੰ ਬਚਾਉਣ ਦੀ ਕੋਸਿ਼ਸ਼ ਕਰ ਰਹੀ ਹੈ। ਪਰਿਵਾਰ ਨੇ ਦੱਸਿਆ ਕਿ ਚੇਤਨ ਸ਼ਰਮਾ ਦੇ ਵਿਆਹ ਨੂੰ 3 ਸਾਲ ਦਾ ਸਮਾਂ ਹੋਣ ਵਾਲਾ ਹੈ ਤੇ ਉਸਦੀ ਇਕ ਡੇਢ ਕੁ ਸਾਲ ਦੀ ਧੀ ਵੀ ਹੈ।
ਚੇਤਨ ਸ਼ਰਮਾ ਹੁਸਿ਼ਆਰਪੁਰ ਦੇ ਮੁਹੱਲਾ ਕ੍ਰਿਸ਼ਨਾ ਨਗਰ ਚ ਵਿਆਹਿਆ ਸੀ ਤੇ ਵਿਆਹ ਤੋਂ ਬਾਅਦ ਹੀ ਉਸਦੇ ਸਹੁਰਾ ਪਰਿਵਾਰ ਜਿਸ ਵਿੱਚ ਉਸਦੀ ਪਤਨੀ, ਸੱਸ ਅਤੇ ਸਾਲੇ ਵਲੋਂ ਉਸਨੂੰ ਆਪਣੇ ਕੋਲ ਰੱਖਣ ਦੀ ਕੋਸਿ਼ਸ਼ ਕੀਤੀ ਜਾਂਦੀ ਸੀ ਤੇ ਕਈ ਵਾਰ ਸਹੁਰਿਆਂ ਵਲੋਂ ਉਸਦੀ ਮਾਰਕੁੱਟ ਵੀ ਕੀਤੀ ਗਈ ਸੀ ਜਿਸ ਤੋਂ ਦੁਖੀ ਹੋ ਕੇ ਚੇਤਨ ਵਲੋਂ ਇਹ ਕਦਮ ਚੁੱਕਿਆ ਗਿਆ ਹੈ। ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਤੇ ਪੁਲਿਸ ਇਸ ਮਾਮਲੇ ਚ ਕੋਈ ਵੀ ਢਿੱਲ ਮੱਠ ਨਹੀਂ ਦਿਖਾ ਰਹੀ ਹੈ।