ਖੇਡ ਮੁਕਾਬਲੇ ’ਚ ਗੁਰਸਿੱਖ ਖਿਡਾਰੀ ਨੂੰ ਹੈਲਮਟ ਨਾ ਪਾਉਣ ਕਾਰਨ ਮੁਕਾਬਲੇ ਤੋਂ ਬਾਹਰ ਕਰਨ ਦੀ ਐਡਵੋਕੇਟ ਧਾਮੀ ਵੱਲੋਂ ਨਿੰਦਾ

ਪੰਜਾਬ ਅੰਦਰ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਅਜਿਹੀ ਹਰਕਤ ਸਿੱਖ ਪਛਾਣ ਨੂੰ ਸਿੱਧੀ ਚੁਣੌਤੀ- ਐਡਵੋਕੇਟ ਧਾਮੀ
ਅੰਮ੍ਰਿਤਸਰ, 18 ਸਤੰਬਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਟਿਆਲਾ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਸਕੇਟਿੰਗ ਮੁਕਾਬਲੇ ਦੌਰਾਨ ਇਕ ਗੁਰਸਿੱਖ ਖਿਡਾਰੀ ਨੂੰ ਹੈਲਮਟ ਨਾ ਪਾਉਣ ’ਤੇ ਮੁਕਾਬਲੇ ’ਚੋਂ ਬਾਹਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਦੋਸ਼ੀ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਬਹੁਗਿਣਤੀ ਵਾਲੇ ਸੂਬੇ ਪੰਜਾਬ ਅੰਦਰ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਅਜਿਹੀ ਹਰਕਤ ਸਿੱਖ ਪਛਾਣ ਨੂੰ ਸਿੱਧੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਮਰਯਾਦਾ ਵਿਚ ਹੈਲਮਟ ਪਹਿਨਣ ਨੂੰ ਕੋਈ ਥਾਂ ਨਹੀਂ ਹੈ, ਜੇਕਰ ਕੋਈ ਸਿੱਖ ਖਿਡਾਰੀ ਬਿਨਾਂ ਹੈਲਮਟ ਤੋਂ ਖੇਡ ਮੁਕਾਬਲੇ ਵਿਚ ਭਾਗ ਲੈਣਾ ਚਾਹੁੰਦਾ ਹੈ ਤਾਂ ਉਸ ’ਤੇ ਅਜਿਹੀ ਪਾਬੰਦੀ ਨਹੀਂ ਹੋਣੀ ਚਾਹੀਦੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਬਹੁਗਿਣਤੀ ਵਾਲੇ ਸੂਬੇ ਪੰਜਾਬ ਅੰਦਰ ਸਿੱਖ ਖਿਡਾਰੀ ਨਾਲ ਅਜਿਹੀ ਹਰਕਤ ਹੋਣ ਕਰਕੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ, ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਇਸ ਲਈ ਤੁਰੰਤ ਮੁਆਫ਼ੀ ਮੰਗਦਿਆਂ ਖੇਡ ਵਿਭਾਗ ਦੇ ਅਧਿਕਾਰੀ ਅਤੇ ਮੁਕਾਬਲੇ ਦੇ ਪ੍ਰਬੰਧਕਾਂ ਖਿਲਾਫ਼ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਇਹ ਵੀ ਯਕੀਨੀ ਬਣਾਇਆ ਜਾਵੇ ਕਿ ਇਸ ਖੇਡ ਮੁਕਾਬਲੇ ਨੂੰ ਰੱਦ ਕਰਦਿਆਂ ਸਬੰਧਤ ਖਿਡਾਰੀ ਨੂੰ ਸ਼ਾਮਲ ਕਰਕੇ ਇਹ ਮੁਕਾਬਲਾ ਦੁਬਾਰਾ ਹੋਵੇ, ਤਾਂ ਜੋ ਸਿੱਖ ਖਿਡਾਰੀ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧ ਵਿਚ ਸਬ-ਡਵੀਜ਼ਨ ਪਾਤੜਾਂ ਦੇ ਪਿੰਡ ਬਣਵਾਲਾ ਗੁਰਸਿੱਖ ਖਿਡਾਰੀ ਕਾਕਾ ਰਿਆਜਪ੍ਰਤਾਪ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਮੁਕੰਮਲ ਰਿਪੋਰਟ ਕਰਨ ਲਈ ਇਕ ਵਫ਼ਦ ਭੇਜਿਆ ਜਾ ਰਿਹਾ ਹੈ, ਜਿਸ ਵਿਚ ਅੰਤ੍ਰਿੰਗ ਕਮੇਟੀ ਦੇ ਮੈਂਬਰ ਸ. ਜਰਨੈਲ ਸਿੰਘ ਕਰਤਾਰਪੁਰ, ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਦੇ ਮੈਨੇਜਰ ਅਤੇ ਪ੍ਰਚਾਰਕ ਸਿੰਘ ਸ਼ਾਮਲ ਹਨ।

See also  ਕ੍ਰਿਸ਼ਚਨ ਭਾਈਚਾਰੇ ਵਲੋਂ ਕੱਢਿਆ ਗਿਆ ਸ਼ਾਂਤੀ ਮਾਰਚ

Related posts: