ਖਾਲਿਸਤਾਨ ਦਾ ਪੰਜਾਬ ’ਚ ਕੋਈ ਰੌਲਾ ਨਹੀਂ – ਮੰਤਰੀ ਧਾਲੀਵਾਲ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇਕ ਸਾਲ ਪਹਿਲਾਂ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਕੁਲਦੀਪ ਸਿੰਘ ਧਾਲੀਵਾਲ ਨੂੰ ਕੈਬਨਿਟ ਮੰਤਰੀ ਵਜੋਂ ਸ਼ਾਮਲ ਕਰਕੇ ਉਨ੍ਹਾਂ ਨੂੰ ਅਹਿਮ ਖੇਤੀਬਾੜੀ, ਪੰਚਾਇਤੀ ਰਾਜ ਅਤੇ ਪੇਂਡੂ ਵਿਕਾਸ ਵਰਗੇ ਵਿਭਾਗ ਸੌਂਪੇ ਗਏ। ਇਸ ਤੋਂ ਬਾਅਦ ਧਾਲੀਵਾਲ ਨੇ ਸਰਕਾਰੀ ਜ਼ਮੀਨਾਂ ’ਤੇ ਹੋਏ ਕਬਜ਼ਿਆਂ ਨੂੰ ਛੁਡਵਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਅਤੇ ਪ੍ਰਭਾਵਸ਼ਾਲੀ ਅਤੇ ਰਸੂਖਦਾਰ ਲੋਕਾਂ ਤੋਂ ਹਜ਼ਾਰਾਂ ਏਕੜ ਸਰਕਾਰੀ ਜ਼ਮੀਨ ਗ਼ੈਰ-ਕਾਨੂੰਨੀ ਕਬਜ਼ਿਆਂ ਤੋਂ ਮੁਕਤ ਕਰਵਾਈ। ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਕ ਸਾਲ ਦੀ ਕਾਰਗੁਜ਼ਾਰੀ ਸਬੰਧੀ ਕੈਬਨਿਟ ਮੰਤਰੀ ਧਾਲੀਵਾਲ ਨੂੰ 5 ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਉਨ੍ਹਾਂ ਖੁੱਲ੍ਹ ਕੇ ਜਵਾਬ ਦਿੱਤੇ। ਪੰਜਾਬ ’ਚ ‘ਆਪ’ ਸਰਕਾਰ ਬਣਨ ਦੇ ਬਾਅਦ ਤੋਂ ਲਗਾਤਾਰ ਖਾਲਿਸਤਾਨੀ ਅਤੇ ਵੱਖਵਾਦੀ ਅਨਸਰਾਂ ਵੱਲੋਂ ਹਾਲਾਤ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪੰਜਾਬ ’ਚ ਖਾਲਿਸਤਾਨ ਦਾ ਕੋਈ ਅਸਰ ਜਾਂ ਰੌਲਾ ਨਹੀਂ ਹੈ, ਸਿਰਫ਼ ਸ਼ਰਾਰਤੀ ਅਨਸਰਾਂ ਵੱਲੋਂ ਹੀ ਅਜਿਹੀਆਂ ਅਫ਼ਵਾਹਾਂ ਫ਼ੈਲਾਈਆਂ ਜਾਂਦੀਆਂ ਹਨ।

kuldeep singh dhaliwal

ਅਸਲੀਅਤ ਇਹ ਹੈ ਕਿ ਪੰਜਾਬ ਵਾਸੀਆਂ ਨੇ ਅੱਤਵਾਦ ਦਾ ਸੰਤਾਪ ਲੰਬੇ ਸਮੇਂ ਤਕ ਝੱਲਿਆ, ਜਿਸ ਵਿਚ ਭਾਰੀ ਜਾਨੀ ਨੁਕਸਾਨ ਪੰਜਾਬੀਆਂ ਦਾ ਹੋਇਆ ਸੀ। ਲੋਕ ਅੱਜ ਵੀ ਅੱਤਵਾਦ ਦੇ ਦੌਰ ਨੂੰ ਭੁੱਲੇ ਨਹੀਂ। ਇਸ ਲਈ ਉਹ ਨਾ ਤਾਂ ਖਾਲਿਸਤਾਨੀ ਅਨਸਰਾਂ ਨੂੰ ਸਮਰਥਨ ਦੇ ਰਹੇ ਹਨ ਅਤੇ ਨਾ ਹੀ ਭਵਿੱਖ ਵਿਚ ਦੇਣਗੇ। ਪੰਜਾਬ ਦੇ ਲੋਕ ਸੂਬੇ ਨੂੰ ਖੁਸ਼ਹਾਲੀ ਅਤੇ ਤਰੱਕੀ ਦੇ ਰਸਤੇ ’ਤੇ ਲਿਜਾਣਾ ਚਾਹੁੰਦੇ ਹਨ ਅਤੇ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਕੰਮ ਕਰ ਰਹੇ ਹਨ। ਪੰਜਾਬ ਦੇ ਲੋਕਾਂ ਦੀ ਆਪਣੀ ਸਰਕਾਰ ਨੂੰ ਜਨ-ਸਮਰਥਨ ਦੀ ਲੋੜ ਹੈ। ਪੰਜਾਬ ਸਰਕਾਰ ਅਤੇ ਪੁਲਸ ਨੇ ਸਹੀ ਸਮੇਂ ’ਤੇ ਸਹੀ ਫ਼ੈਸਲੇ ਲੈਣੇ ਹੁੰਦੇ ਹਨ। ਜਲਦਬਾਜ਼ੀ ਵਿਚ ਲਏ ਜਾਣ ਵਾਲੇ ਫ਼ੈਸਲੇ ਕਈ ਵਾਰ ਉਲਟ ਦਿਸ਼ਾ ਵਿਚ ਕੰਮ ਕਰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਹਾਲਾਤ ’ਤੇ ਪੂਰੀ ਨਜ਼ਰ ਰੱਖੀ ਹੋਈ ਹੈ। ਅੱਜ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਦੇ ਮਾਮਲੇ ’ਚ ਆਪਣਾ ਜਵਾਬ ਦੇ ਦਿੱਤਾ ਹੈ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਸਰਕਾਰ ਸੂਬੇ ਦੀ ਅਮਨ-ਸ਼ਾਂਤੀ ਨੂੰ ਕਿਸੇ ਵੀ ਕੀਮਤ ’ਤੇ ਭੰਗ ਨਹੀਂ ਹੋਣ ਦੇਵੇਗੀ। ਕਾਨੂੰਨ-ਵਿਵਸਥਾ ਹਰ ਕੀਮਤ ’ਤੇ ਬਣਾ ਕੇ ਰੱਖੀ ਜਾਵੇਗੀ।

See also  ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਗਿਆ ਭਾਈ ਲਾਲੋ ਜੀ ਦਾ ਜਨਮ ਦਿਹਾੜਾ

post by parmvir singh