ਇੱਕ ਹੋਰ ਸਾਬਕਾ ਮੰਤਰੀ ਖਿਲਾਫ਼ ਵਿਜੀਲੈਂਸ ਦੀ ਜਾਂਚ ਸ਼ੁਰੂ

13 ਜਨਵਰੀ 2023:ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਖ਼ਿਲਾਫ਼ ਵਿਜੀਲੈਂਸ ਦੀ ਜਾਂਚ ਸ਼ੁਰੂ ਵਿਜੀਲੈਂਸ ਨੇ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਕਾਂਗੜ ਖ਼ਿਲਾਫ਼ ਸ਼ੁਰੂ ਕੀਤੀ ਜਾਂਚ ਕਰ ਦਿੱਤੀ ਹੈ।ਕਾਂਗੜ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ। ਕਾਂਗੜ ਦੀਆਂ ਜਾਇਦਾਦਾਂ ਦੇ  ਵੇਰਵੇ ਜੁਟਾਏ ਜਾ ਰਹੇ। ਦੱਸ ਦਈਏ ਕਿ ਕਾਂਗੜ ਕੈਪਟਨ ਸਰਕਾਰ 'ਚ ਮੰਤਰੀ ਸਨ।

ਵਿਜੀਲੈਂਸ ਅਫ਼ਸਰਾਂ ਨੇ ਕਾਂਗੜ ਦੀ ਪੰਜਾਬ ਤੇ ਦੂਸਰੇ ਸੂਬਿਆਂ ਵਿਚ ਨਾਮੀ ਤੇ ਬੇਨਾਮੀ ਸੰਪਤੀ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ ਅਤੇ ਕਾਫ਼ੀ ਵੇਰਵੇ ਜਾਂਚ ਏਜੰਸੀ ਦੇ ਹੱਥ ਲੱਗੇ ਹਨ। ਕਾਂਗੜ ਦੇ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਮਾਲ ਮੰਤਰੀ ਰਹਿਣ ਵੇਲੇ ਦੇ ਵੇਰਵਿਆਂ ’ਤੇ ਖ਼ਾਸ ਤੌਰ ’ਤੇ ਕੇਂਦਰਿਤ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਮਾਲ ਵਿਭਾਗ ਤੋਂ ਕਾਂਗੜ ਪਰਿਵਾਰ ਦੀ ਸੰਪਤੀ ਦਾ ਰਿਕਾਰਡ ਵੀ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰਾਂ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਕਾਂਗਰਸ ਸਰਕਾਰ ਸਮੇਂ ਤੂਤੀ ਬੋਲਦੀ ਰਹੀ ਹੈ।


ਦੂਸਰੇ ਵਿਭਾਗਾਂ ’ਚੋਂ ਉਨ੍ਹਾਂ ਨਾਲ ਤਾਇਨਾਤ ਹੋਏ ਅਧਿਕਾਰੀਆਂ ਅਤੇ ਮੁਲਾਜ਼ਮਾਂ ’ਤੇ ਵੀ ਵਿਜੀਲੈਂਸ ਨੇ ਅੱਖ ਰੱਖੀ ਹੋਈ ਹੈ। ਜਾਣਕਾਰੀ ਮੁਤਾਬਕ ਮਾਲ ਵਿਭਾਗ ਦੇ ਇੱਕ-ਦੋ ਸ਼ੱਕੀ ਅਧਿਕਾਰੀਆਂ ’ਤੇ ਵੀ ਵਿਜੀਲੈਂਸ ਦੀ ਗਾਜ ਡਿੱਗ ਸਕਦੀ ਹੈ। ਵਿਜੀਲੈਂਸ ਬਿਊਰੋ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਕਾਂਗੜ ਦੀ ਸੰਪਤੀ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਜਾਂਚ ਮੁਕੰਮਲ ਹੋ ਜਾਵੇਗੀ ਤਾਂ ਸਾਬਕਾ ਮਾਲ ਮੰਤਰੀ ਨੂੰ ਤਲਬ ਕੀਤਾ ਜਾ ਸਕਦਾ ਹੈ। ਵਿਜੀਲੈਂਸ ਵੱਲੋਂ ਹੰਡਿਆਇਆ ਲਾਗੇ ਖੁੱਲ੍ਹੇ ਆਲੀਸ਼ਾਨ ‘ਆਊਟਲੈੱਟ’ ਵਿਚ ਵੀ ਕਾਂਗੜ ਦੀ ਹਿੱਸੇਦਾਰੀ ਦੇ ਤੱਥ ਇਕੱਠੇ ਕੀਤੇ ਜਾ ਰਹੇ ਹਨ। ਸੂਤਰਾਂ ਅਨੁਸਾਰ ਵਿਜੀਲੈਂਸ ਵੱਲੋਂ ਬਠਿੰਡਾ ਸ਼ਹਿਰ ਵਿਚ ਇੱਕ ਪ੍ਰਾਈਵੇਟ ਕਲੋਨੀ ਦੇ ਵੇਰਵੇ ਵੀ ਇਕੱਠੇ ਕੀਤੇ ਗਏ ਹਨ। ਕਾਂਗੜ ਦੇ ਲੜਕੇ ਹਰਮਨਵੀਰ ਸਿੰਘ ਧਾਲੀਵਾਲ ਨੇ 18 ਅਗਸਤ, 2021 ਨੂੰ ਬਾਦਲ ਪਰਿਵਾਰ ਦੇ ਨੇੜਲੇ ਰਹੇ ਲਖਵੀਰ ਸਿੰਘ ਉਰਫ਼ ਲੱਖੀ ਵਾਸੀ ਹੰਡਿਆਇਆ ਤੋਂ ਦੋ ਏਕੜ ਜ਼ਮੀਨ ਖ਼ਰੀਦੀ ਸੀ ਜਿਸ ਦਾ ਰਜਿਸਟਰੀ ਵਿਚ ਮੁੱਲ 20 ਲੱਖ ਰੁਪਏ ਦਿਖਾਇਆ ਗਿਆ ਹੈ।

See also  ਪੰਜਾਬ 'ਚ ਸੀਤ ਲਹਿਰ ਨੇ ਠਾਰੇ ਲੋਕ, ਧੁੰਦ ਦਾ ਕਹਿਰ ਜਾਰੀ।


ਇਸੇ ਤਰ੍ਹਾਂ ਪੰਚਾਇਤ ਮਹਿਕਮੇ ਵੱਲੋਂ ਜ਼ਿਲ੍ਹਾ ਮੁਹਾਲੀ ਵਿਚ ਨਾਜਾਇਜ਼ ਕਬਜ਼ੇ ਹੇਠੋਂ ਖਾਲੀ ਕਰਵਾਈ ਗਈ ਜ਼ਮੀਨ ਦੀ ਸੂਚੀ ਵਿਚ ਉਨ੍ਹਾਂ ਦੇ ਲੜਕੇ ਹਰਮਨਦੀਪ ਸਿੰਘ ਦਾ ਨਾਮ ਵੀ ਸੀ। ਚੇਤੇ ਰਹੇ ਕਿ ਜਦੋਂ ਕਾਂਗਰਸ ਹਾਈਕਮਾਨ ਨੇ ਚਾਰ ਕਾਂਗਰਸੀ ਮੰਤਰੀਆਂ ਤੋਂ ਵਜ਼ੀਰੀ ਵਾਪਸ ਲਈ ਸੀ, ਤਾਂ ਉਨ੍ਹਾਂ ’ਚ ਕਾਂਗੜ ਵੀ ਸ਼ਾਮਲ ਸਨ। ਕਾਂਗੜ ਉਦੋਂ ਵੀ ਚਰਚਾ ਵਿਚ ਆ ਗਏ ਸਨ ਜਦੋਂ ਪੰਜਾਬ ਕੈਬਨਿਟ ਨੇ 17 ਸਤੰਬਰ, 2021 ਨੂੰ ਕਾਂਗੜ ਦੇ ਜਵਾਈ ਗੁਰਸ਼ੇਰ ਸਿੰਘ ਨੂੰ ਆਬਕਾਰੀ ਮਹਿਕਮੇ ਵਿਚ ਤਰਸ ਦੇ ਆਧਾਰ ’ਤੇ ਆਬਕਾਰੀ ਤੇ ਕਰ ਇੰਸਪੈਕਟਰ ਵਜੋਂ ਨਿਯੁਕਤ ਕੀਤੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਸੀ।ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਹੈ ਕਿ ਵਿਜੀਲੈਂਸ ਇੱਕ ਨਿਰਪੱਖ ਏਜੰਸੀ ਹੈ ਜਿਸ ਦੀ ਜਾਂਚ ’ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਉਨ੍ਹਾਂ ਨੂੰ ਇਸ ਜਾਂਚ ਬਾਰੇ ਹਾਲੇ ਕੁੱਝ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਿਤਾ ਪੁਰਖੀ ਕਾਰੋਬਾਰ ਹੈ ਅਤੇ 1990-91 ਤੋਂ ਉਨ੍ਹਾਂ ਦਾ ਸ਼ੈੱਲਰ ਅਤੇ ਆੜ੍ਹਤ ਦਾ ਕਾਰੋਬਾਰ ਹੈ। ਬੱਸਾਂ ਦਾ ਵੀ ਵੱਡਾ ਕਾਫ਼ਲਾ ਰਿਹਾ ਪਰ ਉਨ੍ਹਾਂ ਨੂੰ ਬੱਸਾਂ ਤੇ ਜ਼ਮੀਨ ਵੀ ਵੇਚਣੀ ਪਈ ਹੈ।

ਗੁਰਪ੍ਰੀਤ ਕਾਂਗੜ ਦੀ ਸੰਪਤੀ ’ਚ ਹੋਇਆ ਵਾਧਾ
ਗੁਰਪ੍ਰੀਤ ਕਾਂਗੜ ਵੱਲੋਂ ਚੋਣ ਕਮਿਸ਼ਨ ਕੋਲ ਨਸ਼ਰ ਕੀਤੇ ਵੇਰਵਿਆਂ ਅਨੁਸਾਰ ਕਾਂਗੜ ਪਰਿਵਾਰ 2007 ਵਿਚ ਏਨੇ ਕਰੋੜਾਂ ਦੀ ਸੰਪਤੀ ਨਹੀਂ ਸੀ। ਜਦੋਂ ਕਾਂਗੜ 2017 ਵਿਚ ਚੋਣ ਜਿੱਤੇ ਸਨ ਤਾਂ ਉਦੋਂ ਉਨ੍ਹਾਂ ਕੋਲ 9.36 ਕਰੋੜ ਰੁਪਏ ਦੀ ਜਾਇਦਾਦ ਸੀ ਅਤੇ 10 ਲੱਖ ਰੁਪਏ ਦਾ ਕਰਜ਼ਾ ਸੀ। ਮਾਲ ਮੰਤਰੀ ਰਹਿਣ ਮਗਰੋਂ ਜਦੋਂ ਉਨ੍ਹਾਂ ਨੇ 2022 ਵਿਚ ਚੋਣ ਲੜੀ ਤਾਂ ਉਸ ਵਕਤ ਉਨ੍ਹਾਂ ਦੀ ਜਾਇਦਾਦ 14.77 ਕਰੋੜ ਰੁਪਏ ਸੀ ਅਤੇ ਕਰਜ਼ਾ ਵੱਧ ਕੇ 1.89 ਕਰੋੜ ਰੁਪਏ ਹੋ ਗਿਆ ਸੀ। ਕਾਂਗੜ ਕੋਲ ਇੱਕ ਫਾਰਚੂਨਰ ਅਤੇ ਦੋ ਇਨੋਵਾ ਗੱਡੀਆਂ ਤੋਂ ਇਲਾਵਾ 7.40 ਕਰੋੜ ਦੀ ਖੇਤੀ ਵਾਲੀ ਜ਼ਮੀਨ ਹੈ। 2007 ਵਿਚ ਕਾਂਗੜ ਪਰਿਵਾਰ ਕੋਲ 18.40 ਲੱਖ ਰੁਪਏ ਦੇ ਗਹਿਣੇ ਸਨ ਜਦੋਂ ਕਿ ਹੁਣ 75 ਲੱਖ ਰੁਪਏ ਦੇ ਗਹਿਣੇ ਹਨ।

See also  ਪੰਜਾਬ ਨੇ ਮਾਈਨਿੰਗ ਤੋਂ 472.50 ਕਰੋੜ ਰੁਪਏ ਦੀ ਰਿਕਾਰਡ ਕਮਾਈ ਕੀਤੀ: ਚੇਤਨ ਸਿੰਘ ਜੌੜਾਮਾਜਰਾ

post by Tarandeep singh